ਸਤੀਸ਼ ਕੁਮਾਰ ਫਰੀਦਕੋਟ : 16 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਜ਼ਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਬਜ਼ੁਰਗ ਹਰਪਾਲ ਸਿੰਘ ਦਾ ਸਿਰ ਵੱਢ ਕੇ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਮਿ੍ਤਕ ਦੇ ਲੜਕੇ ਪਿੱਪਲ ਸਿੰਘ ਵਾਸੀ ਦੀਪ ਸਿੰਘ ਵਾਲਾ, ਜਸਵਿੰਦਰ ਸਿੰਘ ਵਾਸੀ ਪਿੰਡ ਜੱਖੋਪੁਰ ਖ਼ੁਰਦ ਜ਼ਿਲ੍ਹਾ ਕਪੂਰਥਲਾ ਜੋ ਮਿ੍ਤਕ ਦਾ ਘਰੇਲੂ ਨੌਕਰ ਹੈ ਤੇ ਗੁਰਸੇਵਕ ਸਿੰਘ ਵਾਸੀ ਪਿੰਡ ਦੀਪ ਸਿੰਘ ਵਾਲਾ ਜੋ ਪਿੱਪਲ ਸਿੰਘ ਦਾ ਮਿੱਤਰ ਹੈ, ਨੂੰ ਗਿ੍ਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਬਾਲ ਕਿ੍ਸ਼ਨ ਸਿੰਗਲਾ ਐੱਸਪੀ ਨੇ ਬੁੱਧਵਾਰ ਨੂੰ ਪ੍ਰਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਇਸ ਮੌਕੇ ਸਤਿੰਦਰ ਸਿੰਘ ਵਿਰਕ ਡੀਐੱਸਪੀ, ਜਸਤਿੰਦਰ ਸਿੰਘ ਧਾਲੀਵਾਲ ਡੀਐੱਸਪੀ ਅਤੇ ਅੰਮਿ੍ਤਪਾਲ ਸਿੰਘ ਭਾਟੀ ਮੁਖੀ ਸੀਆਈਏ ਮੁਖੀ ਤੋਂ ਇਲਾਵਾ ਸਿਪੈਕਟਰ ਮੁਖਤਿਆਰ ਸਿੰਘ ਸਾਦਿਕ ਵੀ ਹਾਜ਼ਰ ਸਨ।

ਐੱਸਪੀ ਸਿੰਗਲਾ ਨੇ ਦੱਸਿਆ ਕਿ ਇਸ ਕਤਲ ਦੀ ਤਫ਼ਤੀਸ਼ ਦੇ ਚੱਲਦਿਆਂ ਮਿ੍ਤਕ ਦਾ ਸਿਰ ਘਰ ਦੇ ਪਸ਼ੂਆਂ ਵਾਲੇ ਬਰਾਂਡੇ ਦੀ ਕੰਧ ਨਾਲ ਖੇਤੀ ਸੰਦਾਂ ਤਵੀਆਂ ਆਦਿ ਦੇ ਹੇਠਾਂ ਟੋਆ ਪੁੱਟ ਕੇ ਦੱਬਿਆ ਸੀ ਜੋ ਡਿਊਟੀ ਮੈਜਿਸਟੇ੍ਰੇਟ ਕਰਨਜੀਤ ਸਿੰਘ ਐਗਰੀਕਲਚਰਲ ਅਫ਼ਸਰ ਫ਼ਰੀਦਕੋਟ ਦੀ ਹਾਜ਼ਰੀ ਵਿੱਚ ਪੁਲਿਸ ਪਾਰਟੀ ਨੇ ਬਰਾਮਦ ਕੀਤਾ, ਸ਼ਨਾਖਤ ਮਿ੍ਤਕ ਦੀ ਪਤਨੀ ਨੇ ਕੀਤੀ। ਪੋਸਟਮਾਰਟਮ ਕਰਵਾਉਣ ਉਪਰੰਤ ਸਿਰ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਪਤਨੀ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰ ਕੀਤੇੇ ਉਕਤ ਮੁਲਜ਼ਮਾਂ ਪਾਸੋਂ ਹਰਪਾਲ ਸਿੰਘ ਦੀ ਹੱਤਿਆ ਕਰਨ ਲਈ ਵਰਤਿਆ ਗਿਆ ਰੱਸਾ, ਹੱਤਿਆ ਕਰਨ ਤੋਂ ਪਹਿਲਾਂ ਨਸ਼ੀਲਾ ਟੀਕਾ ਲਾਉਣ ਲਈ ਵਰਤੀ ਗਈ ਸਰਿੰਜ ਵੀ ਬਰਾਮਦ ਕਰ ਲਈ ਗਈ ਹੈ।

ਤਫ਼ਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਮੁਲਜ਼ਮਾਂ ਨੇ ਜਿਸ ਵੇਲੇ ਹਰਪਾਲ ਸਿੰਘ ਦੇ ਗਲ ਵਿੱਚ ਫ਼ਾਹਾ ਲਗਾ ਕੇ ਇਸ ਨੂੰ ਕਾਫ਼ੀ ਉਚਾਈ ਤੋਂ ਹੇਠਾਂ ਲਮਕਾਇਆ ਤਾਂ ਇੱਕ ਦਮ ਝਟਕਾ ਲੱਗਣ ਕਾਰਨ ਸਿਰ ਧੋਣ ਤੋਂ ਵੱਖ ਹੋ ਗਿਆ ਸੀ ਤੇ ਇਸ ਤਰ੍ਹਾਂ ਕਤਲ ਨੂੰ ਕੁਝ ਹੋਰ ਹੀ ਰੂਪ ਦੇਣ ਲਈ ਬਣਾਏ ਗਏ ਆਪਣੇ ਮਨਸੁੂਬੇ ਵਿੱਚ ਇਹ ਕਾਮਯਾਬ ਨਹੀਂ ਹੋ ਸਕੇ। ਮੁਲਜ਼ਮਾਂ ਨੇ ਇਸ ਘਟਨਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸ ਦੇ ਪਾਲਤੂ ਕੁੱਤੇ ਨੂੰ ਕੋਈ ਨਸ਼ੀਲੀ ਵਸਤੂ ਦੇ ਦਿੱਤੀ ਸੀ ਜਿਸ ਨੂੰ ਪੁਲਿਸ ਵੱਲੋਂ ਜਾਂਚ ਦਾ ਹਿੱਸਾ ਬਣਾਉਂਦਿਆਂ ਕੁੱਤੇ ਦਾ ਮੈਡੀਕਲ ਕਰਵਾਇਆ ਗਿਆ ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਐੱਸਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਮਿ੍ਤਕ ਦੇ ਲੜਕੇ ਪਿੱਪਲ ਸਿੰਘ ਦਾ ਅਪਰਾਧਕ ਰਿਕਾਰਡ ਹੈ ਅਤੇ ਇਹ ਨਸ਼ਾ ਕਰਨ ਦਾ ਵੀ ਆਦੀ ਹੈ। ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ ਵੇਰਵੇ ਸਹਿਤ ਪੁੱਛ ਗਿੱਛ ਜਾਰੀ ਹੈ।

ਪੁਲਿਸ ਵੱਲੋਂ ਕਾਤਲਾਂ ਨੂੰ ਫੜਨ ਲਈ ਲਿਆਂਦੇ ਕੁੱਤੇ ਨਹੀ ਲੱਭ ਸਕੇ ਸਿਰ

ਕਾਤਲਾਂ ਨੂੰ ਦਬੋਚਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਖੋਜੀ ਤੇ ਸੁੰਣਣ ਸ਼ਕਤੀ ਵਾਲੇ ਕੁੱਤਿਆਂ ਦੀ ਮਦਦ ਲਈ ਗਈ ਤਾਂ ਜੋ ਦੋਸ਼ੀਆਂ ਨੂੰ ਕਾਬੂ ਕਰਨ ਦੇ ਨਾਲ ਨਾਲ ਧੜ ਨਾਲੋਂ ਵੱਖ ਕੀਤੇ ਸਿਰ ਨੂੰ ਬਰਾਮਦ ਕੀਤਾ ਜਾ ਸਕੇ ਪਰ ਕੁੱਤੇ ਘਰ ਨੂੰ ਖੰਗਾਲਣ ਤੋਂ ਬਾਅਦ ਵੀ ਸਿਰ ਲੱਭਣ 'ਚ ਕਾਮਯਾਬ ਨਹੀਂ ਹੋਏ। ਇਸੇ ਮਾਮਲੇ ਨੂੰ ਲੈ ਕੇ ਜਦ ਬਾਲ ਕਿ੍ਸ਼ਨ ਸਿੰਗਲਾ ਐੱਸਪੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਸ ਥਾਂ ਤੇ ਸਿਰ ਦੱਬਿਆ ਗਿਆ ਸੀ ਉਸੇ ਥਾਂ ਤੇ ਘਰ ਦਾ ਪਾਲਤੂ ਕੁੱਤਾ ਬੈਠਾ ਹੋਣ ਕਰ ਕੇ ਖੋਜੀ ਕੁੱਤਿਆ ਨੂੰ ਧਰਤੀ 'ਚ ਦੱਬੇ ਸਿਰ ਨੂੰ ਲੱਭਣ 'ਚ ਮੁਸ਼ਕਿਲ ਆਈ।