- ਇੱਥੇ ਰਹਿੰਦੇ ਖੂੰਖਾਰ ਕੱੁਤਿਆਂ ਕਾਰਨ ਹੁੰਦੇ ਨੇ ਭਿਆਨਕ ਸੜਕ ਹਾਦਸੇ

ਜਤਿੰਦਰ ਮਿੱਤਲ, ਬਾਜਾਖਾਨਾ : ਸਥਾਨਕ ਬਾਜਾਖਾਨਾ ਵਿਖੇ ਬੱਸ ਅੱਡੇ ਦੇ ਨਜਦੀਕ ਆ ਚੁੱਕੀ ਹੱਡਾਰੋੜੀ ਕਾਰਨ ਪਿੰਡ ਵਾਸੀਆਂ ਦਾ ਜਿਉਣਾ ਦੱੁਭਰ ਹੋ ਗਿਆ ਹੈ ਤੇ ਇਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਡਾ. ਰੂਪ ਮੁਹੰਮਦ ਨੇ ਦੱਸਿਆ ਕਿ ਇਹ ਹੱਡਾਰੋੜੀ ਅਬਾਦੀ 'ਚ ਆਉਣ ਕਾਰਨ ਦੁਕਾਨਦਾਰਾਂ, ਪਿੰਡ ਵਾਸੀਆਂ, ਬੈਂਕ ਕਰਮਚਾਰੀਆਂ, ਦੁੱਧ ਸੀਤਲ ਕਰਨ ਕੇਂਦਰ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਅਤੇ ਇੱਥੇ ਆਉਣ ਵਾਲੇ ਗ੍ਰਾਹਕਾਂ, ਰਾਹਗੀਰਾਂ ਲਈ ਇੱਕ ਵੱਡੀ ਮੁਸੀਬਤ ਬਣ ਗਈ ਹੈ ਜਿਸ ਕਾਰਨ ਇੰਨ੍ਹਾਂ ਦੇ ਕਾਰੋਬਾਰ ਠੱਪ ਹੋਣ ਕਿਨਾਰੇ ਹੈ ਕਿੳਂੁਕਿ ਹੱਡਾਰੋੜੀ ਨੇੜੇ ਹੋਣ ਕਾਰਨ ਹਰ ਵਕਤ ਬਦਬੂ ਆਉਂਦੀ ਰਹਿੰਦੀ ਹੈ। ਇਸ ਮੌਕੇ ਬੱਸ ਸਟੈਂਡ ਦੇ ਨੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਹੱਡਾਰੋੜੀ ਨੇੜੇ ਹੋਣ ਸਾਰਾ ਦਿਨ ਬਦਬੂ ਆਉਣ ਕਾਰਨ ਗਾਹਕਾਂ ਨੂੰ ਖੜਨਾ ਮੁਸ਼ਕਿਲ ਹੋ ਜਾਂਦਾ ਹੈ ਜਿਸ ਕਾਰਨ ਦੁਕਾਨਾਂ ਦਾ ਕਾਰੋਬਾਰ ਬਿਲਕੁਲ ਖਤਮ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਬੱਸਾਂ 'ਚੋਂ ਉਤਰਨ ਤੇ ਚੜ੍ਹਨ ਵਾਲੀਆਂ ਸਵਾਰੀਆਂ ਨੂੰ ਅਕਸਰ ਹੀ ਬਦਬੂ ਕਾਰਨ ਖੜ੍ਹਨਾ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ ਜਿਸ ਕਰਕੇ ਆਮ ਹੀ ਲੋਕਾਂ ਨੂੰ ਉਲਟੀਆਂ ਕਰਦੇ ਦੇਖਿਆ ਜਾਂਦਾ ਹੈ ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਇਸ ਮੌਕੇ ਕਰਮ ਸਿੰਘ ਬਰਾੜ ਨੇ ਦੱਸਿਆ ਕਿ ਇਸ ਹੱਡਾਰੋੜੀ ਵਿੱਚ ਰਹਿੰਦੇ ਖੂੰਖਾਰ ਕੁੱਤੇ ਕਈ ਵਾਰ ਆਮ ਲੋਕਾਂ ਦੇ ਵੀ ਪਿੱਛੇ ਪੈ ਜਾਂਦੇ ਹਨ ਜਿਸ ਕਾਰਨ ਜਾਨੀ ਨੁਕਸਾਨ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਅਤੇ ਕਈ ਵਾਰ ਇੰਨ੍ਹਾਂ ਖੂੰਖਾਰ ਕੱੁਤਿਆਂ ਕਾਰਨ ਭਿਆਨਕ ਸੜਕ ਹਾਦਸੇ ਵੀ ਹੋਏ ਹਨ। ਇਸ ਮੌਕੇ ਐਡਵੋਕੇਟ ਸੁਖਵੰਤ ਸਿੰਘ ਬਰਾੜ ਜੁਗਨੂੰ, ਸੱਤਪਾਲ ਨੇਤਾ, ਮਦਨ ਲਾਲ ਗਰਗ, ਮੰਗਤ ਰਾਮ, ਸਰਬਜੀਤ ਸਿੰਘ ਮੈਂਬਰ, ਗੁਰਮੇਲ ਸਿੰਘ, ਪਵਨ ਕੁਮਾਰ ਗੋਇਲ, ਜਗਸੀਰ ਸਿੰਘ ਸੀਰਾ, ਰਣਜੀਤ ਸਿੰਘ ਕਾਕਾ, ਸੰਦੀਪ ਕੁਮਾਰ ਗਰਗ, ਰਾਣਾ ਸਿੰਘ, ਬਿੱਟੂ, ਰਜਿੰਦਰ ਸਿੰਘ, ਰਾਜ ਕੁਮਾਰ ਗੋਇਲ ਰਾਜੂ, ਸਿਮਰਜੀਤ ਸਿੰਘ ਬਾਬਾ, ਜਤਿੰਦਰ ਸਿੰਘ ਬਰਾੜ, ਕੁਲਬੀਰ ਸਿੰਘ ਆਦਿ ਅਨੇਕਾ ਹੋਰ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ, ਸਬੰਧਿਤ ਮਹਿਕਮੇਂ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਹੱਡਾਰੌੜੀ ਨੂੰ ਇਥੋਂ ਹਟਾ ਕੇ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਨੂੰ ਰਾਹਤ ਦਿਵਾਈ ਜਾਵੇ।

09ਐਫਡੀਕੇ112:-ਬਾਜਾਖਾਨਾ ਵਿਖੇ ਬਿਮਾਰੀਆਂ ਤੇ ਸੜਕ ਹਾਦਸਿਆਂ ਦਾ ਕਾਰਨ ਬਣ ਰਹੀ ਹੱਡਾਰੋੜੀ ਦਾ ਦਿ੍ਸ਼।