ਸਤੀਸ਼ ਕੁਮਾਰ, ਫ਼ਰੀਦਕੋਟ : ਫ਼ਰੀਦਕੋਟ ਤੇ ਆਸ-ਪਾਸ ਦੇ ਪਿੰਡਾਂ ਅੰਦਰ ਵੀਰਵਾਰ ਦੇਰ ਸ਼ਾਮ ਅਤੇ ਰਾਤ ਤੇਜ਼ ਹਨੇਰੀ ਨਾਲ ਕਰੀਬ 20 ਮਿੰਟ ਤਕ ਹੋਈ ਜ਼ੋਰਦਾਰ ਬਾਰਿਸ਼ ਅਤੇ ਗੜੇ ਪੈਣ ਕਾਰਨ ਪਿਛਲੇਂ 12 ਦਿਨਾਂ ਤੋਂ ਸੰਤਾਪ ਭੋਗ ਰਹੇ ਲੋਕਾਂ ਨੂੰ ਗਰਮੀਂ ਤੋਂ ਰਾਹਤ ਦਿਵਾਈ। ਇਸ ਦੇ ਕਾਰਨ ਪਾਰਾ ਵੀ ਡਿੱਗ ਕੇ 35 ਡਿਗਰੀ ਪਹੁੰਚ ਗਿਆ ਹੈ। ਮੀਂਹ ਦਾ ਲੋਕਾਂ ਖਾਸ ਕਰਕੇ ਬੱਚਿਆਂ ਨੇ ਜ਼ਿਆਦਾ ਅਨੰਦ ਮਾਣਿਆ, ਪਰ ਤੇਜ਼ ਹਨ੍ਹੇਰੀ ਲੋਕਾਂ ਲਈ ਆਫ਼ਤ ਬਣ ਕੇ ਆਈ ਕਿਉਂਕਿ ਇਸ ਕਾਰਨ ਸਥਾਨਕ ਅਮਰ ਆਸ਼ਰਮ ਦੇ ਕੋਲ ਦਰੱਖਤ ਦਾ ਵੱਡਾ ਟਾਹਣਾ ਡਿੱਗਣ ਨਾਲ ਡਿੱਗੀ ਇੱਟਾਂ ਦੇ ਕਾਰਨ ਤਿੰਨ ਕਾਰਾਂ ਨੁਕਸਾਨੀਆਂ ਗਈਆਂ। ਜਾਣਕਾਰੀ ਅਨੁਸਾਰ ਸਵੇਰੇ ਤੋਂ ਹੀ ਅਸਮਾਨ ਵਿਚ ਧੂੜ ਛਾਈ ਹੋਈ ਸੀ, ਪਰ ਮੀਂਹ ਪੈਣ ਦਾ ਅਨੁਮਾਨ ਦੇਰ ਸ਼ਾਮ ਤਕ ਲਾਇਆ ਜਾ ਰਿਹਾ ਸੀ। ਸ਼ਾਮ ਹੁੰਦੇ ਹੀ ਅਚਾਨਕ ਧੂੜ ਭਰੀ ਤੇਜ਼ ਹਵਾਵਾਂ ਚੱਲਣ ਲੱਗੀਆਂ ਅਤੇ ਮੀਂਹ ਪੈਣ ਲੱਗਾ। ਇਸ ਦੌਰਾਨ ਕੁੱਝ ਮਿੰਟ ਤੱਕ ਗੜੇ ਪੈਣੇ ਸ਼ੁਰੂ ਹੋ ਗਏ। ਗੜਿ੍ਹਆਂ ਕਾਰਨ ਕੁਝ ਲੋਕਾਂ ਦੀਆਂ ਕਾਰਾਂ ਦੇ ਸ਼ੀਸ਼ੇ ਵੀ ਕਰੈਕ ਹੋ ਗਏ ਅਤੇ ਸਰਕੂਲਰ ਰੋਡ 'ਤੇ ਸਥਿਤ ਇੱਕ ਦੁਕਾਨ ਦਾ ਸ਼ੀਸ਼ਾ ਟੁੱਟ ਜਾਣ ਦੇ ਨਾਲ-ਨਾਲ ਫਲੈਕਸ ਬੋਰਡ ਝੱਖੜ ਕਾਰਨ ਟੁੱਟ ਕੇ ਸੜਕ ਵਿਚਾਲੇ ਡਿੱਗ ਪਏ। ਪਿਛਲੇ 12 ਦਿਨਾਂ ਤੋਂ ਫ਼ਰੀਦਕੋਟ ਦਾ ਤਾਪਮਾਨ 44 ਤੋਂ 46.5 ਡਿਗਰੀ ਤਕ ਟਿਕਿਆ ਹੋਇਆ ਸੀ ਅਤੇ ਹੋਈ ਇਸ ਬਾਰਸ਼ ਕਾਰਨ ਦੁਪਹਿਰ ਦੇ ਸਮੇਂ ਤਾਪਮਾਨ 41 ਡਿਗਰੀ ਰਿਹਾ। ਇਸੇ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪ੍ਰੰਤੂ ਸ਼ੁੱਕਰਵਾਰ ਤੇਜ਼ ਧੁੱਪ ਕਾਰਨ ਗਰਮੀ ਦਾ ਕਹਿਰ ਜਾਰੀ ਰਿਹਾ। ਫ਼ਰੀਦਕੋਟੀਆਂ ਦਾ ਕਹਿਣਾ ਸੀ ਕਿ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁੱਝ ਦਿਨਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਜਿਵੇਂ ਵੀਰਵਾਰ ਮੀਂਹ ਉਪਰੰਤ ਗੜਿਆਂ ਦੀ ਵਰਖਾ ਹੋਈ ਹੈ, ਉਵੇਂ ਹੀ ਜੇਕਰ ਫਿਰ ਬਾਰਸ ਆਉਂਦੀ ਹੈ ਤਾਂ ਗਰਮੀ ਤੋਂ ਵੱਡੀ ਰਾਹਤ ਮਿਲੇਗੀ।