- ਕਿਸਾਨ ਜਗਸੀਰ ਸਿੰਘ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ : ਡੱਲੇਵਾਲਾ

ਮਨਿੰਦਰਜੀਤ ਸਿੰਘ, ਜੈਤੋ : ਸਬ-ਡਵੀਜਨ ਦਫ਼ਤਰ ਅੱਗੇ ਚੱਲ ਰਹੇ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ 'ਤੇ ਦਿੱਤੇ ਪਰਚੇ ਰੱਦ ਕਰਵਾਉਣ, ਮਾਲ ਰਿਕਾਰਡ 'ਚ ਦਰਜ ਲਾਲ ਐਂਟਰੀਆਂ ਰੱਦ ਕਰਵਾਉਣ ਤੇ ਪ੍ਰਦੂਸ਼ਣ ਵਿਭਾਗ ਵੱਲੋਂ ਪਾਏ ਜੁਰਮਾਨੇ ਰੱਦ ਕਰਵਾਉਣ ਭਾਕਿਯੂ ਏਕਤਾ ਸਿੱਧੂਪੁਰਾ ਦੇ ਧਰਨੇ 'ਚ ਕੱਲ੍ਹ ਇੱਕ ਕਿਸਾਨ ਦੁਆਰਾ ਖੁਦਕੁਸ਼ੀ ਕਰਨ ਪਿੱਛੋਂ ਮਾਮਲਾ ਹੋਰ ਵੀ ਗੰਭੀਰ ਹੋ ਗਿਆ।

ਜ਼ਿਕਰਯੋਗ ਹੈ ਕਿ ਕੱਲ੍ਹ ਜਗਸੀਰ ਸਿੰਘ ਉਰਫ 'ਜੱਗਾ' ਵਾਸੀ ਪਿੰਡ ਕੋਟੜਾ ਕੋੜਿਆਂਵਾਲੀ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਕਿਸਾਨ ਨੇ ਧਰਨੇ ਵਾਲੀ ਜਗ੍ਹਾ 'ਤੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ, ਜਿਸ ਤੋਂ ਬਾਅਦ ਮਾਮਲਾ ਹੋਰ ਵੀ ਭੱਖ ਗਿਆ। ਅੱਜ ਕਿਸਾਨ ਜਗਸੀਰ ਸਿੰਘ ਦਾ ਪਰਿਵਾਰ ਵੀ ਸਿਵਲ ਹਸਤਪਾਲ ਵਿਖੇ ਪਹੁੰਚਿਆ, ਜਿੱਥੇ ਜਗਸੀਰ ਸਿੰਘ ਦੀ ਲਾਸ਼ ਨੂੰ ਰੱਖਿਆ ਹੋਇਆ ਹੈ। ਅੱਜ ਵੱਖ-ਵੱਖ ਇਲਾਕਿਆਂ 'ਚੋਂ ਸੈਂਕੜਿਆਂ ਦੀ ਤਾਦਾਦ ਵਿੱਚ ਕਿਸਾਨ ਉਪ-ਮੰਡਲ ਪ੍ਰਬੰਧਕੀ ਕੰਪਲੈਕਸ ਜੈਤੋ ਦੇ ਵਿਹੜੇ ਵਿੱਚ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ। ਜਦ ਭਾਕਿਯੂ ਸਿੱਧੂਪੁਰਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ 'ਡੱਲੇਵਾਲਾ' ਨਾਲ ਗੱਲ-ਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕਿਸਾਨ ਜਗਸੀਰ ਸਿੰਘ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਮੰਗਾਂ ਨੂੰ ਲੈ ਕੇ ਅਸੀਂ ਧਰਨਾ ਦਿੱਤਾ ਹੋਇਆ ਸੀ, ਉਹ ਮੰਗਾਂ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਸਰਕਾਰ ਵੱਲੋਂ ਨਾ ਤਾਂ ਮੰਨੀਆਂ ਗਈਆਂ ਅਤੇ ਨਾਂ ਹੀ ਇੰਨ੍ਹਾਂ ਮੰਗਾਂ ਨੂੰ ਸੰਜੀਦਗੀ ਦੇ ਨਾਲ ਲਿਆ ਗਿਆ। ਇਸ ਸਭ ਦੇ ਚੱਲਦਿਆਂ ਜਗਸੀਰ ਸਿੰਘ ਨੇ ਮਾਨਸਿਕ ਤਣਾਅ ਅਤੇ ਪਰੇਸ਼ਾਨੀ ਨਾ ਝੱਲਦਿਆਂ ਹੋਇਆ ਇਹ ਕਦਮ ਚੁੱਕਿਆ। ਉਹਨਾਂ ਕਿਹਾ ਕਿ ਉਹ ਖੁਦਕੁਸ਼ੀ ਕਰਨ ਵਰਗੇ ਕੰਮ ਦੇ ਵਿਰੋਧ 'ਚ ਹਨ, ਪਰ ਉਸਨੂੰ ਖੁਦਕੁਸ਼ੀ ਕਰਨ 'ਤੇ ਮਜਬੂਰ ਸਰਕਾਰ ਦੁਆਰਾ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਆ। ਇਸ ਕਰਕੇ ਇਹ ਖੁਦਕੁਸ਼ੀ ਨਾ ਹੋ ਕੇ 'ਸਰਕਾਰੀ' ਕਤਲ ਹੈ। ਦੇਸ਼ ਦੇ ਅੰਨਦਾਤੇ ਨੂੰ ਸਰਕਾਰਾਂ ਤੰਗ ਕਰਨ ਉੱਪਰ ਤੁਲੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਪੁਲਿਸ ਅਤੇ ਸਰਕਾਰ ਦੀ ਕੋਸ਼ਿਸ ਹੈ ਕਿ ਇਸ ਕਿਸਾਨ ਦਾ ਪੋਸਟ-ਮਾਰਟਮ ਕਰਵਾਕੇ ਮਾਮਲੇ ਨੂੰ ਖਤਮ ਕੀਤਾ ਜਾਵੇ ਪਰ ਜਦੋਂ ਤਕ ਕਿਸਾਨ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਨਾ ਤਾਂ ਪੋਸਟ-ਮਾਰਟਮ ਕਰਨ ਦਿਆਂਗੇ ਅਤੇ ਨਾਂ ਹੀ ਅੰਤਿਮ-ਸੰੰਸਕਾਰ ਕਰਨ ਦਿਆਂਗੇ। ਉਨ੍ਹਾਂ ਕਿਹਾ ਕਿ ਉਹ ਅੰਦੋਲਨ ਨੂੰ ਹੋਰ ਵੀ ਤੇਜ ਕਰਨਗੇ ਸਾਡਾ ਅਗਲਾ ਕਦਮ ਕੀ ਹੈ ਇਸ ਬਾਰੇ ਅਸੀਂ ਮੀਡੀਆ ਨੂੰ ਜਲਦ ਹੀ ਸੂਚਿਤ ਕਰਾਂਗੇ।

---

ਕੀ ਕਹਿੰਦੇ ਹਨ ਪਰਿਵਾਰਕ ਮੈਂਬਰ।

ਇਸ ਸਬੰਧੀ ਜਦ ਉਹਨਾਂ ਦੀ ਪਤਨੀ ਨਾਲ ਗੱਲ-ਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਤੀ ਨੇ ਸਰਕਾਰ ਵੱਲੋਂ ਕਿਸਾਨਾਂ ਦੀ ਹੱਕੀ ਮੰਗਾਂ ਨਾ ਮੰਨਦੇ ਦੇਖ ਇਹ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀਆਂ ਉਹੀ ਮੰਗਾਂ ਹਨ ਜੋ ਜਥੇਬੰਦੀ ਦੁਆਰਾ ਪਹਿਲੇ ਦਿਨ ਤੋਂ ਮੰਗੀਆਂ ਜਾ ਰਹੀਆਂ ਹਨ। ਬਾਕੀ ਜੋ ਫੈਸਲਾ ਸਾਡੀ ਜਥੇਬੰਦੀ ਲਵੇਗੀ ਅਸੀਂ ਉਸ ਫੈਸਲੇ ਨਾਲ ਸਹਿਮਤ ਹਾਂ।

08ਐਫਡੀਕੇ109:- ਧਰਨੇ ਵਾਲੀ ਜਗ੍ਹਾ 'ਤੇ ਸੈਂਕੜਿਆਂ ਦੀ ਗਿਣਤੀ 'ਚ ਇਕੱਤਰ ਹੋਏ ਕਿਸਾਨ।

08ਐਫਡੀਕੇ109ਏ- ਮਿ੍ਤਕ ਜਗਸੀਰ ਸਿੰਘ ਦਾ ਪਰਿਵਾਰ।