ਪੱਤਰ ਪੇ੍ਰਰਕ, ਫਰੀਦਕੋਟ : ਫੌਜ ਦੀ ਭਰਤੀ ਰੈਲੀ 'ਚੋਂ ਫਿੱਟ ਹੋਏ ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਦੇ ਯੁਵਕ ਲਿਖਤੀ ਪੇਪਰ ਦੀ ਤਿਆਰੀ ਲਈ ਪੰਜਾਬ ਸਰਕਾਰ ਵੱਲੋਂ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਮੁਫ਼ਤ ਸਿਖਲਾਈ ਲੈ ਸਕਦੇ ਹਨ। ਜਾਣਕਾਰੀ ਦਿੰਦੇ ਹੋਏ ਕੈਂਪ ਇੰਚਾਰਜ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਿਹੜੇ ਯੁਵਕਾਂ ਨੇ ਪਹਿਲਾਂ ਕੈਂਪ ਵਿੱਚ ਟੇ੍ਨਿੰਗ ਨਹੀਂ ਲਈ ਉਹ ਯੁਵਕ ਵੀ ਲਿਖਤੀ ਪੇਪਰ ਦੀ ਤਿਆਰੀ ਕਰਨ ਲਈ ਆ ਸਕਦੇ ਹਨ। ਉਹ ਯੁਵਕ ਆਪਣੇ ਨਾਲ ਦਸਵੀਂ ਦਾ ਅਸਲ ਸਰਟੀਫਿਕੇਟ ਅਤੇ ਇਕ ਫੋਟੋ ਸਟੇਟ ਕਾਪੀ, ਜਾਤੀ, ਰਿਹਾਇਸ਼, ਆਧਾਰ ਕਾਰਡ ਅਤੇ ਆਰਸੀ ਦੀ ਇਕ-ਇਕ ਫੋਟੋ ਸਟੇਟ ਕਾਪੀ, ਇਕ ਪਾਸਪੋਰਟ ਸਾਈਜ਼ ਫੋਟੋ, ਮੌਸਮ ਅਨੁਸਾਰ ਬਿਸਤਰਾ, ਪੇਪਰ ਦੀ ਤਿਆਰੀ ਲਈ ਕਾਪੀ ਅਤੇ ਪੈੱਨ ਨਾਲ ਲੈ ਕੇ ਕੈਂਪ ਵਿਚ ਰਿਪੋਰਟ ਕਰ ਸਕਦੇ ਹਨ। ਜਿਹੜੇ ਯੁਵਕਾਂ ਦੀ ਐੱਮਐੱਚ ਪਈ ਹੈ, ਉਹ ਯੁਵਕ ਵੀ ਲਿਖਤੀ ਪੇਪਰ ਦੀ ਤਿਆਰੀ ਲਈ ਆ ਸਕਦੇ ਹਨ। ਜਿਹੜੇ ਯੁਵਕ ਰੋਜ਼ਾਨਾ ਘਰ ਤੋਂ ਰੋਜ਼ਾਨਾ ਅਪ-ਡਾਊਨ ਨਹੀਂ ਕਰ ਸਕਦੇ ਉਨ੍ਹਾਂ ਲਈ ਖਾਣਾ ਅਤੇ ਮੁਫ਼ਤ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ।