Punjab news ਹਰਪ੍ਰੀਤ ਸਿੰਘ ਚਾਨਾ, ਫ਼ਰੀਦਕੋਟ : ਬੀਤੀ 18 ਫਰਵਰੀ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਤਾਬੜਤੋੜ ਗੋਲੀਆਂ ਚਲਾ ਕੇ ਇੱਥੋਂ ਦੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਹੱਤਿਆ ਮਾਮਲੇ ਨਾਲ ਜੁੜੇ ਤਿੰਨ ਦੋਸ਼ੀਆਂ ਗੁਰਿੰਦਰ ਪਾਲ ਉਰਫ਼ ਗੋਰਾ ਭਾਊ, ਸੁਖਵਿੰਦਰ ਸਿੰਘ ਸਨੀ ਢਿਲੋਂ ਅਤੇ ਸੌਰਬ ਜਿੰਨ੍ਹਾਂ ਨੂੰ ਘਟਨਾ ਤੋਂ ਕੁਝ ਹੀ ਦਿਨ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਗਿ੍ਫ਼ਤਾਰ ਕਰ ਲਿਆ ਗਿਆ ਸੀ। ਅੱਜ ਫ਼ਰੀਦਕੋਟ ਵਿਖੇ ਲਿਆਂਦੇ ਜਾਣ ਦੀ ਸੂਰਤ 'ਚ ਦਿੱਲੀ ਤੇ ਜ਼ਿਲ੍ਹਾ ਪੁਲਿਸ ਦੀ ਸਖਤ ਨਿਗਰਾਨੀ ਹੇਠ ਸਥਾਨਕ ਮਾਨਯੋਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕਰਕੇ ਇਨ੍ਹਾਂ ਦੋਸ਼ੀਆਂ ਦਾ 8 ਮਾਰਚ ਤਕ ਪੁਲਿਸ ਰੀਮਾਂਡ ਹਾਸਲ ਕਰਕੇ ਫ਼ਰੀਦਕੋਟ ਪੁਲਿਸ ਹਵਾਲੇ ਕਰ ਦਿੱਤਾ ਗਿਆ।

ਜਾਣਕਾਰੀ ਦਿੰਦਿਆਂ ਸੇਵਾ ਸਿੰਘ ਮੱਲੀ ਐੱਸਪੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦੋਸ਼ੀਆਂ ਦਾ ਦਿੱਲੀ ਪੁਲਿਸ ਵੱਲੋਂ ਲਿਆ ਗਿਆ ਪੁਲਿਸ ਰੀਮਾਂਡ ਖਤਮ ਹੋਣ ’ਤੇ ਇਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਸੀ ਜਿਸ ’ਤੇ ਜ਼ਿਲ੍ਹਾ ਪੁਲਿਸ ਵੱਲੋਂ ਇਨ੍ਹਾਂ ਤਿੰਨਾਂ ਹੀ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਦਿੱਲੀ ਤੇ ਜ਼ਿਲ੍ਹਾ ਪੁਲਿਸ ਦੀ ਨਿਗਰਾਨੀ ਹੇਠ ਫ਼ਰੀਦਕੋਟ ਵਿਖੇ ਲਿਆ ਕੇ ਇਨ੍ਹਾਂ ਦਾ 8 ਮਾਰਚ ਤਕ ਪੁਲਿਸ ਰੀਮਾਂਡ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਕੋਲੋਂ ਗਹਿਰਾਈ ਨਾਲ ਪੁੱਛ-ਗਿੱਛ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਹੱਤਿਆ ਕਾਂਡ ਨਾਲ ਹੋਰ ਕਿਹੜੇ ਦੋਸ਼ੀ ਜੁੜੇ ਹੋਏ ਹਨ।

ਦੱਸਣਯੋਗ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ ਇਸ ਤੋਂ ਪਹਿਲਾਂ ਇਸ ਹੱਤਿਆ ਕਾਂਡ ਨਾਲ ਜੁੜੇ ਫ਼ਰੀਦਕੋਟ ਨਿਵਾਸੀ ਰਾਜਿੰਦਰ ਸਿੰਘ, ਭੀਮਾਂ, ਪ੍ਰਦੀਪ ਸਿੰਘ ਅਤੇ ਅਕਾਸ਼ ਨੂੰ ਘਟਨਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਰੈਕੀ ਕਰਨ ਅਤੇ ਹੱਤਿਆਰਿਆਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਤਹਿਤ ਪਿੰਡ ਘਣੀਆ ਨਿਵਾਸੀ ਦੋਸ਼ੀ ਗੁਰਪਿੰਦਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਹ ਪੰਜੇ ਦੋਸ਼ੀ ਇਸ ਵੇਲੇ ਮਾਨਯੋਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਦੇ ਹੁਕਮਾਂ ਅਨੁਸਾਰ 12 ਮਾਰਚ ਤਕ ਰੀਮਾਂਡ ’ਤੇ ਚੱਲ ਰਹੇ ਹਨ ਤੇ ਇਸ ਤਰ੍ਹਾਂ ਜ਼ਿਲ੍ਹਾ ਪੁਲਿਸ ਵੱਲੋਂ ਇਸ ਹੱਤਿਆ ਕਾਂਡ ਨਾਲ ਜੁੜੇ 8 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ ਤੇ ਇਸ ਹੱਤਿਆ ਕਾਂਡ ਨਾਲ ਜੁੜੇ ਹੋਰਨਾਂ ਦੋਸ਼ੀਆਂ ਦੇ ਵੀ ਸਾਹਮਣੇ ਆਉਣ ਦੀ ਸੰਭਾਵਨਾਂ ਹੈ।

Posted By: Sarabjeet Kaur