ਜੇਐੱਨਐੱਨ, ਫ਼ਰੀਦਕੋਟ : ਫ਼ਰੀਦਕੋਟ ਡੀਸੀ ਦਫ਼ਤਰ ਗੇਟ 'ਤੇ ਸ਼ੁੱਕਰਵਾਰ ਸਵੇਰੇ 10 ਵਜੇ ਧਰਨੇ 'ਤੇ ਬੈਠਣ ਵਾਲੀ ਮਹਿਲਾ ਡਾਕਟਰ ਨੂੰ ਪੁਲਿਸ ਨੇ ਜਬਰਨ ਹਿਰਾਸਤ 'ਚ ਲੈ ਲਿਆ। ਮਹਿਲਾ ਡਾਕਟਰ ਆਪਣੇ ਨਾਲ ਹੋਏ ਦੁਰਵਿਹਾਰ ਦੀ ਸ਼ਿਕਾਇਤ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ ਦੀ ਅਗਵਾਈ 'ਚ ਗਠਿਤ ਕੀਤੀ ਗਈ ਜਾਂਚ ਰਿਪੋਰਟ ਨੂੰ ਜਨਤਕ ਕੀਤੇ ਜਾਣ ਦੀ ਮੰਗ ਕਰ ਰਹੀ ਸੀ।

ਉਹ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ (Baba Farid University of Health Science) ਫ਼ਰੀਦਕੋਟ ਤਹਿਤ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ ਡਾਕਟਰ ਹੈ। ਪੀੜਤਾ ਦਾ ਦੋਸ਼ ਹੈ ਕਿ ਉਸ ਦੇ ਹੀ ਵਿਭਾਗ ਦੇ ਐੱਚਓਡੀ ਵੱਲੋਂ ਉਸ ਨਾਲ ਦੁਰਵਿਹਾਰ ਕੀਤਾ ਗਿਆ। ਜਦੋਂ ਉਸ ਨੇ ਇਸ ਦੀ ਸ਼ਿਕਾਇਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਕੀਤੀ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਉਸੇ ਨੂੰ ਮੁਲਜ਼ਮਾਂ ਦੇ ਕਟਹਿਰੇ 'ਚ ਖੜ੍ਹਾ ਕਰਨ ਲੱਗਾ। ਮਜਬੂਰਨ ਉਸ ਨੂੰ ਨਿਆਂ ਲਈ ਫ਼ਰੀਦਕੋਟ ਦੇ ਪੁਲਿਸ-ਪ੍ਰਸ਼ਾਸਨ ਦੇ ਦਰਵਾਜ਼ੇ ਆਉਣਾ ਪਿਆ।

ਮਹਿਲਾ ਡਾਕਟਰ ਦੀ ਸ਼ਿਕਾਇਤ 'ਤੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਵੱਲੋਂ ਏਡੀਸੀ ਪਰਮਜੀਤ ਕੌਰ ਦੀ ਅਗਵਾਈ 'ਚ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਾਂਚ ਕਮੇਟੀ ਵੱਲੋਂ ਆਪਣੀ ਜਾਂਚ ਰਿਪੋਰਟ 2 ਦਸੰਬਰ ਨੂੰ ਦਿੱਤੀ ਜਾਣੀ ਸੀ ਪਰ ਹਾਲੇ ਤਕ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਤਕ ਨਹੀਂ ਕੀਤੀ ਜਾ ਰਹੀ ਹੈ। ਇਸੇ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਸਬੰਧੀ ਪੀੜਤਾ ਐਕਸ਼ਨ ਕਮੇਟੀ ਦੀਆਂ ਪੰਜ ਹੋਰ ਔਰਤ ਸਾਥਣਾਂ ਨਾਲ ਸ਼ੁੱਕਰਵਾਰ ਸਵੇਰੇ ਡੀਸੀ ਦਫ਼ਤਰ ਦੇ ਗੇਟ 'ਤੇ ਧਰਨੇ 'ਤੇ ਬੈਠ ਗਈ ਤੇ ਯੂਨੀਵਰਸਿਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਘਟਨਾ ਦੀ ਸੂਚਨਾ 'ਤੇ ਡੀਐੱਸਪੀ ਗੁਰਪ੍ਰੀਤ ਸਿੰਘ, ਐੱਸਡੀਐੱਮ ਪਰਮਜੀਤ ਸਿੰਘ ਪੁਲਿਸ ਬਲ ਨਾਲ ਮੌਕੇ 'ਤੇ ਪਹੁੰਚੀ ਤੇ ਪੀੜਤਾ ਨੂੰ ਧਰਨੇ ਤੋਂ ਉੱਠਣ ਲਈ ਕਿਹਾ, ਜਿਸ 'ਤੇ ਐਕਸ਼ਨ ਕਮੇਟੀ ਦੇ ਮੈਂਬਰ ਤੇ ਪੀੜਤਾ ਤਿਆਰ ਨਹੀਂ ਹੋਏ। ਇਸ ਤੋਂ ਬਾਅਦ ਧਰਨੇ 'ਤੇ ਬੈਠੇ ਲੋਕਾਂ ਨੂੰ ਪੁਲਿਸ ਨੇ ਆਪਣੀ ਤਾਕਤ ਵਰਤ ਕੇ ਹਿਰਾਸਤ 'ਚ ਲੈ ਲਿਆ। ਡੀਐੱਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇੱਥੇ ਧਰਨਾ ਦੇਣ 'ਤੇ ਪਾਬੰਦੀ ਹੈ। ਅਜਿਹੇ ਵਿਚ ਕਿਸੇ ਨੂੰ ਵੀ ਇੱਥੇ ਧਰਨਾ ਨਹੀਂ ਦੇਣ ਦਿੱਤਾ ਜਾਵੇਗਾ।

ਇਸ ਮਹਿਲਾ ਡਾਕਟਰ ਨੂੰ ਨਿਆਂ ਦਿਵਾਉਣ ਤੇ ਮੁਲਜ਼ਮਾਂ 'ਤੇ ਮੁਕੱਦਮਾ ਦਰਜ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਗਠਿਤ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਮਿੰਨੀ ਸਕੱਤਰੇਤ ਫ਼ਰੀਦਕੋਟ ਨੇੜੇ ਰੇਲਵੇ ਰੋਡ 'ਤੇ ਪਿਛਲੇ 21 ਦਿਨਾਂ ਤੋਂ ਅਣਮਿੱਥਾ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ 'ਚ ਰੋਜ਼ਾਨਾ ਮਹਿਲਾ ਡਾਕਟਰ ਵੀ ਬੈਠਦੀ ਸੀ ਪਰ ਸ਼ੁੱਕਰਵਾਰ ਦੀ ਸਵੇਰੇ ਉਹ ਧਰਨੇ 'ਚ ਨਾ ਆ ਕੇ ਸਿੱਧਾ ਆਪਣੀਆਂ ਪੰਜ ਹੋਰ ਮਹਿਲਾ ਸਾਥਣਾਂ ਨਾਲ ਡੀਸੀ ਦਫ਼ਤਰ ਦੇ ਗੇਟ 'ਤੇ ਹੀ ਧਰਨੇ 'ਤੇ ਬੈਠ ਗਈ।

Posted By: Seema Anand