ਹਰਪ੍ਰਰੀਤ ਚਾਨਾ, ਕੋਟਕਪੂਰਾ : ਆਜ਼ਾਦੀ ਦਿਵਸ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨੂੰ ਲੈ ਕੇ ਜ਼ਿਲ੍ਹਾ ਪੁਲਸ ਮੁਖੀ ਰਾਜਪਾਲ ਸਿੰਘ ਵੱਲੋਂ ਮਿਲੀਆਂ ਹਦਾਇਤਾਂ ਤਹਿਤ ਕੋਟਕਪੂਰਾ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਫਲੈਗ ਮਾਰਚ ਕੱਿਢਆ ਗਿਆ।

ਇਸ ਮੌਕੇ ਸਮਸ਼ੇਰ ਸਿੰਘ ਸ਼ੇਰ ਗਿੱਲ ਡੀਐੱਸਪੀ ਕੋਟਕਪੂਰਾ, ਇੰਸਪੈਕਟਰ ਸੰਜੀਵ ਕੁਮਾਰ ਐੱਸਐੱਚਓ ਥਾਣਾ ਸਿਟੀ ਕੋਟਕਪੂਰਾ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਐੱਸਐੱਚਓ ਥਾਣਾ ਸਦਰ ਕੋਟਕਪੂਰਾ ਦੀ ਅਗਵਾਈ ਹੇਠ ਕੱਢੇ ਗਏ ਫਲੈਗ ਮਾਰਚ ਵਿਚ ਪੰਜਾਬ ਪੁਲਿਸ, ਏਆਰਪੀ, ਪੀਸੀਆਰ ਅਤੇ ਮੋਟਰਸਾਈਕਲ ਸਵਾਰ ਪੁਲਿਸ ਦੇ ਜਵਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਹ ਫਲੈਗ ਮਾਰਚ ਥਾਣਾ ਸਿਟੀ ਕੋਟਕਪੂਰਾ ਤੋਂ ਸ਼ੁਰੂ ਹੋ ਕੇ ਬੱਤੀਆਂ ਵਾਲਾ ਚੌਕ, ਜੈਤੋ ਰੋਡ, ਰੇਲਵੇ ਰੋਡ, ਮੇਨ ਬਾਜ਼ਾਰ, ਪੁਰਾਣੀ ਦਾਣਾ ਮੰਡੀ, ਗੁਰਦੁਆਰਾ ਵਾਲਾ ਬਾਜ਼ਾਰ ਅਤੇ ਹੋਰ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਵਾਪਸ ਥਾਣਾ ਸਿਟੀ ਪਹੁੰਚਿਆ। ਇਸ ਦੌਰਾਨ ਸਮਸ਼ੇਰ ਸਿੰਘ ਸ਼ੇਰ ਗਿੱਲ ਡੀਐੱਸਪੀ ਕੋਟਕਪੂਰਾ, ਇੰਸ. ਸੰਜੀਵ ਕੁਮਾਰ ਅਤੇ ਇੰਸ.ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਆਮ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪੁਲਿਸ ਵੱਲੋਂ 24 ਘੰਟੇ ਲਗਾਤਾਰ ਪੂਰੇ ਇਲਾਕੇ ਵਿਚ ਗਸ਼ਤ ਕਰਨ ਤੋਂ ਇਲਾਵਾ ਹੋਰ ਵੱਖ-ਵੱਖ ਤਰੀਕਿਆਂ ਨਾਲ ਨਜ਼ਰ ਰੱਖੀ ਜਾ ਰਹੀ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਵਸਤੂ ਦਾ ਪਤਾ ਲੱਗਣ 'ਤੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਦਾ ਸਹਿਯੋਗ ਕਰਨ ਲਈ ਸੂਚਨਾ ਦੇਣ ਵਾਲੇ ਹਰ ਵਿਅਕਤੀ ਦੀ ਨਾਂ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਜਿੱਥੇ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ਵਿਚ ਨਾਕੇਬੰਦੀ ਕਰ ਕੇ ਵਾਹਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉੱਥੇ ਪੀਸੀਆਰ ਟੀਮਾਂ ਵੀ 24 ਘੰਟੇ ਮੁਸ਼ਤੈਦ ਹਨ।