ਪੱਤਰ ਪ੍ਰਰੇਰਕ, ਕੋਟਕਪੂਰਾ : ਪਿੰਡ ਬੀੜ ਚਹਿਲ ਦੇ ਵਾਸੀਆਂ ਵੱਲੋਂ ਪਿੰਡ 'ਚ ਕੂੜਾ-ਡੰਪ ਨਾ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਅੱਜ ਪਹਿਲੇ ਦਿਨ ਤੋਂ ਸੜਕ 'ਤੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਧਰਨੇ 'ਚ ਪਿੰਡ ਦੇ ਕਿਸਾਨਾਂ, ਮਜ਼ਦੂਰਾਂ ਅਤੇ ਮਜ਼ਦੂਰ ਅੌਰਤਾਂ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਇੱਥੇ ਵਾਰ-ਵਾਰ ਕੂੜਾ ਡੰਪ ਬਣਾਏ ਜਾਣ ਲਈ ਜ਼ਿੱਦ ਕਰ ਰਿਹਾ ਹੈ। ਜਦ ਕਿ ਰਿਹਾਇਸ਼ੀ ਇਲਾਕੇ 'ਚ ਕੁੂੜਾ-ਡੰਪ ਬਣਾਏ ਜਾਣ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਜਾਵੇਗਾ। ਬਦਬੂ ਭਰੇ ਮਾਹੌਲ 'ਚ ਲੋਕ ਕੁਝ ਖਾ-ਪੀ ਨਹੀਂ ਸਕਣਗੇ ਅਤੇ ਉਲਟਾ ਭਿਆਨਕ ਬਿਮਾਰੀਆਂ ਦੀ ਗਿ੍ਫ਼ਤ 'ਚ ਆ ਜਾਣਗੇ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਇੱਥੇ ਕੁੂੜਾ-ਡੰਪ ਨਾ ਬਣਾਇਆ ਅਤੇ ਇਸ ਵਾਸਤੇ ਬਦਲਵੀਂ ਜਗ੍ਹਾ ਦੀ ਤਲਾਸ਼ ਕੀਤੀ ਜਾਵੇ। ਰੋਸ ਧਰਨੇ 'ਚ ਮੇਜਰ ਸਿੰਘ, ਸੁਖਵਿੰਦਰ ਸਿੰਘ, ਜਸਵੰਤ ਸਿੰਘ ਬਰਾੜ, ਪ੍ਰਗਟ ਸਿੰਘ, ਮਹਿੰਦਰ ਸਿੰਘ, ਗੁਰਨਾਮ ਸਿੰਘ, ਬਲਦੇਵ ਸਿੰਘ, ਪਰਮਿੰਦਰ ਸਿੰਘ, ਬੂਟਾ ਸਿੰਘ, ਅਮਰ ਸਿੰਘ ਨੰਬਰਦਾਰ, ਮਿੱਠੂ ਸਿੰਘ, ਗੁਰਮੀਤ ਸਿੰਘ ਅਤੇ ਹੋਰ ਪਿੰਡ ਵਾਸੀ ਸ਼ਾਮਿਲ ਸਨ।