ਗੁਰਪ੍ਰਰੀਤ ਮੱਕੜ, ਕੋਟਕਪੂਰਾ : ਸਥਾਨਕ ਫੇਰੂਮਾਨ ਚੌਂਕ ਤੋਂ ਪੁਰਾਣੀ ਜੈਤੋ ਚੁੰਗੀ ਅਰਥਾਤ ਸ਼ਹੀਦ ਭਗਤ ਸਿੰਘ ਚੌਂਕ ਤੱਕ ਸਥਿੱਤ ਅਨੇਕਾਂ ਦੁਕਾਨਦਾਰਾਂ ਦਾ ਕਾਰੋਬਾਰ ਬੰਦ ਹੋਣ ਦਾ ਕਾਰਨ ਗੰਦੇ ਪਾਣੀ ਨਿਕਾਸੀ ਦੀ ਸਮੱਸਿਆ ਦੱਸਿਆ ਜਾ ਰਿਹਾ ਹੈ। ਦੁਕਾਨਦਾਰਾਂ ਮੁਤਾਬਿਕ ਦੀਵਾਲੀ, ਗੁਰਪੁਰਬ, ਲੋਹੜੀ ਅਤੇ ਮਾਘੀ ਦੇ ਤਿਉਹਾਰਾਂ ਮੌਕੇ ਵੀ ਉਨਾਂ ਕੋਲ ਆਉਣ ਵਾਲੇ ਗਾਹਕਾਂ ਨੂੰ ਸੀਵਰੇਜ ਦੇ ਸੜਕ 'ਤੇ ਜਮਾ ਹੋਏ ਗੰਦੇ ਪਾਣੀ ਵਿੱਚੋਂ ਲੰਘ ਕੇ ਆਉਣਾ ਪਿਆ। ਉਨਾ ਦੱਸਿਆ ਕਿ ਦਿਨ-ਰਾਤ ਅਰਥਾਤ 24 ਘੰਟੇ ਸੀਵਰੇਜ ਸਮੇਤ ਨਾਲੀ-ਨਾਲਿਆਂ ਦਾ ਗੰਦਾ ਪਾਣੀ ਸੜਕ 'ਤੇ ਜਮਾ ਰਹਿੰਦਾ ਹੈ, ਜਹਿਰੀਲੇ ਤੇ ਖਤਰਨਾਕ ਕੀਟ-ਪਤੰਗੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ, ਦਰਜਨ ਤੋਂ ਜਿਆਦਾ ਮਹਿੰਗੀਆਂ ਫੀਸਾਂ ਵਾਲੇ ਨਿੱਜੀ ਸਕੂਲਾਂ ਅਤੇ ਕਾਲਜਾਂ ਵਿੱਚ ਪੜ2ਦੇ ਵਿਦਿਆਰਥੀ/ਵਿਦਿਆਰਥਣਾ ਵੀ ਰੋਜਾਨਾ ਗੰਦੇ ਪਾਣੀ 'ਚੋਂ ਲੰਘ ਕੇ ਸਕੂਲ-ਕਾਲਜ ਜਾਂਦੇ ਹਨ ਤੇ ਵਾਪਸੀ ਮੌਕੇ ਵੀ ਉਨਾਂ ਨੂੰ ਗੰਦੇ ਪਾਣੀ ਵਿੱਚੋਂ ਲੰਘ ਕੇ ਹੀ ਘਰ ਦਾਖਲ ਹੋਣਾ ਪੈਂਦਾ ਹੈ। ਦੁਕਾਨਦਾਰਾਂ ਕੰਵਰਜੀਤ ਸਿੰਘ ਸੇਠੀ, ਰੋਹਿਤ ਚੋਪੜਾ, ਹਰਦੇਵ ਸਿੰਘ ਕਾਲਾ, ਗੁਰਪ੍ਰਰੀਤ ਸਿੰਘ, ਰਾਜਵਿੰਦਰ ਸਿੰਘ ਰਾਜਾ, ਡਾ ਗੁਰਪ੍ਰਰੀਤ ਸਿੰਘ ਕਾਲੜਾ ਅਤੇ ਡਾ ਦੀਪਕ ਅਰੋੜਾ ਮੁਤਾਬਿਕ ਉਕਤ ਸਮੱਸਿਆ ਦੇ ਹੱਲ ਲਈ ਉਹ ਲਿਖਤੀ ਅਤੇ ਜੁਬਾਨੀ ਤੌਰ 'ਤੇ ਸ਼ਿਕਾਇਤਾਂ ਅਤੇ ਬੇਨਤੀਆਂ ਕਰ ਕਰ ਕੇ ਅੱਕ ਤੇ ਥੱਕ ਚੁੱਕੇ ਹਨ ਪਰ ਮੋਟੀਆਂ ਤਨਖਾਹਾਂ ਲੈਣ ਵਾਲੇ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ। ਉਨਾ ਚਿਤਾਵਨੀ ਦਿੱਤੀ ਕਿ ਉਕਤ ਸਮੱਸਿਆ ਜਲਦ ਹੱਲ ਨਾ ਹੋਣ ਦੀ ਸੂਰਤ ਵਿੱਚ ਉਹ ਵਾਟਰ ਵਰਕਸ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਅਰਥੀ ਫੂਕ ਮੁਜਾਹਰੇ ਕਰਨ ਲਈ ਮਜਬੂਰ ਹੋਣਗੇ। ਮੌਕੇ 'ਤੇ ਪੁੱਜੇ ਵਾਰਡ ਨੰਬਰ 25 ਦੇ ਕੌਂਸਲਰ ਸੋਨੀਆ ਰਾਣੀ ਦੇ ਪਤੀ ਮਨਜਿੰਦਰ ਸਿੰਘ ਗੋਪੀ ਨੇ ਇਸ ਦੀ ਸ਼ਿਕਾਇਤ ਪਾਰਟੀ ਹਾਈਕਮਾਂਡ ਨੂੰ ਕਰਨ ਦਾ ਵਿਸ਼ਵਾਸ਼ ਦਿਵਾਇਆ। ਇਸ ਸਬੰਧੀ ਗੁਰਪਾਲ ਸਿੰਘ ਐਸਡੀਓ ਵਾਟਰ ਵਰਕਸ ਤੇ ਸੀਵਰੇਜ ਵਿਭਾਗ ਨੇ ਕਿਹਾ ਕਿ ਸਮੱਸਿਆ ਗੰਭੀਰ ਹੈ ਅਤੇ ਇਸ ਦੀ ਜਿੰਮੇਵਾਰੀ ਕਾਰਜ ਸਾਧਕ ਅਫਸਰ ਨਗਰ ਕੌਂਸਲ ਕੋਟਕਪੂਰਾ ਦੀ ਹੈ ਪਰ ਉਹ ਫਿਰ ਵੀ ਉਕਤ ਸਮੱਸਿਆ ਦੇ ਹੱਲ ਲਈ ਚਾਰਾਜੋਈ ਕਰ ਰਹੇ ਹਨ।