ਸਤੀਸ਼ ਕੁਮਾਰ, ਫਰੀਦਕੋਟ : ਜ਼ਿਲ੍ਹੇ 'ਚ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਬੇਅਦਬੀ ਉਪਰੰਤ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਈ 'ਸਿਟ' ਦੀ ਜਾਂਚ ਰਿਪੋਰਟ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕਰਨ ਦੇ ਵਿਰੋਧ 'ਚ ਪੰਥਕ ਜਥੇਬੰਦੀਆਂ ਸਮੇਤ ਪੰਥਦਰਦੀਆਂ ਵੱਲੋਂ ਫਰੀਦਕੋਟ ਸੈਸ਼ਨ ਕੋਰਟ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਰੋਸ ਪ੍ਰਦਰਸ਼ਨ ਉਪਰੰਤ ਜਸਟਿਸ ਸ਼ਰਦ ਅਰਵਿੰਦ ਬੋਬੜੇ ਮੁੱਖ ਜੱਜ ਸੁਪਰੀਮ ਕੋਰਟ ਦੇ ਨਾਂਅ ਫਰੀਦਕੋਟ ਪ੍ਰਸ਼ਾਸਨ ਨੂੰ ਯਾਦ ਪੱਤਰ ਸੌਂਪਿਆ ਗਿਆ ਤਾਂ ਜੋ 'ਸਿਟ' ਦੀ ਜਾਂਚ ਰਿਪੋਰਟ ਨੂੰ ਰੱਦ ਕਰਕੇ ਨਵੀਂ ਜਾਂਚ ਕਰਵਾਉਣ ਦੇ ਪੱਖਪਾਤੀ ਫੈਸਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾ ਸਕੇ।

ਧਰਨਕਾਰੀਆਂ ਨੂੰ ਸੰਬੋਧਨ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਜਰਨਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਇਕ ਜੂਨ 2015 ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਬੇਅਦਬੀ ਉਪਰੰਤ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ 'ਚ ਦੋ ਸਿੰਘ ਸ਼ਹੀਦ ਕੀਤੇ ਗਏ, ਕਈਆਂ ਨੂੰ ਜ਼ਖ਼ਮੀ ਕੀਤਾ ਗਿਆ ਤੇ ਬੀਬੀਆਂ 'ਤੇ ਲਾਠੀਚਾਰਜ ਕੀਤਾ ਗਿਆ।

ਹੁਣ ਜਦ 'ਸਿਟ' ਦੀ ਰਿਪੋਰਟ ਦੇ ਆਧਾਰ 'ਤੇ ਦੋਸ਼ੀਆਂ ਨੂੰ ਸਜਾਵਾਂ ਮਿਲਣ 'ਤੇ ਸਿੱਖ ਕੌਮ ਨੂੰ ਇਨਸਾਫ ਦੀ ਕਿਰਨ ਦਿਖਾਈ ਦੇਣ ਲੱਗੀ ਤਾਂ ਹਾਈਕੋਰਟ ਵੱਲੋਂ 'ਸਿਟ' ਦੀ ਰਿਪੋਰਟ ਨੂੰ ਰੱਦ ਕਰਕੇ ਨਵੀਂ ਜਾਂਚ ਕਰਵਾਉਣ ਦੇੇ ਆਦੇਸ਼ ਦਿੱਤੇ ਗਏ ਹਨ ਜੋ ਕਿ ਸਰਾਸਰ ਧੱਕਾ ਹੈ। ਇਸ ਲਈ ਸੁਪਰੀਮ ਕੋਰਟ ਦੇ ਜਸਟਿਸ ਸ਼ਰਦ ਅਰਵਿੰਦਰ ਬੋਬੜੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਕੀਤੇ ਅਪਮਾਨ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਰਿਪੋਰਟ ਨੂੰ ਰੱਦ ਕਰਕੇ ਨਵੀਂ ਜਾਂਚ ਕਰਵਾਉਣ ਦੇ ਫੈਸਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇ।

ਉਨ੍ਹਾਂ ਕਿਹਾ ਕਿ 'ਸਿਟ' ਜਾਂਚ ਟੀਮ ਵੱਲੋਂ ਫਰੀਦਕੋਟ ਅਦਾਲਤ 'ਚ ਗੋਲੀਕਾਂਡ ਮਾਮਲੇ ਨੂੰ ਲੈ ਕੇ ਹੁਣ ਤੱਕ ਨੌਂ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ ਤੇ ਆਖਰੀ ਦੱਸਵੇਂ ਚਲਾਨ ਨੂੰ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਹਾਈ ਕੋਰਟ ਵੱਲੋਂ ਜਾਂਚ ਰਿਪੋਰਟ ਨੂੰ ਹੀ ਰੱਦ ਕਰ ਦਿੱਤਾ ਗਿਆ। ਇਸ ਲਈ ਨਵੀਂ ਜਾਂਚ ਟੀਮ ਬਣਾਉਣ ਦੀ ਬਜਾਏ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਰਿਪੋਰਟ ਸੂਬਾ ਸਰਕਾਰ ਜਨਤਕ ਕਰੇ।

ਇਸ ਮੌਕੇ ਹਰਪਾਲ ਸਿੰਘ, ਗੁਰਦੀਪ ਸਿੰਘ ਢੁੱਡੀ, ਬਲਕਾਰ ਸਿੰਘ ਭੁੱਲਰ, ਦਰਸ਼ਨ ਸਿੰਘ ਮੰਡੇਰ, ਲਖਵੀਰ ਸਿੰਘ ਸੌਂਟੀ, ਅੰਮਿ੍ਤਪਾਲ ਸਿੰਘ ਲੌਂਗੋਂਵਾਲ, ਬਲਰਾਜ ਸਿੰਘ ਖਾਲਸਾ, ਹਰਪਾਲ ਸਿੰਘ ਕੁੱਸਾ ਆਦਿ ਨੇ ਕਿਹਾ ਕਿ ਹਾਈਕੋਰਟ ਦੇ ਫੈਸਲੇ ਖ਼ਿਲਾਫ਼ 19 ਅਪ੍ਰਰੈਲ ਨੂੰ ਹਾਈ ਕੋਰਟ ਮੂਹਰੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਤਾਂ ਜੋ ਛੇ ਸਾਲ ਤੋਂ ਇਨਸਾਫ ਦੀ ਉਡੀਕ 'ਚ ਬੈਠੀਆਂ ਸੰਗਤਾਂ ਨੂੰ ਇਨਸਾਫ ਮਿਲ ਸਕੇ।