ਚਾਨਾ, ਫਰੀਦਕੋਟ : ਰੋਟਰੀ ਕਲੱਬ ਫਰੀਦਕੋਟ ਵੱਲੋਂ 'ਸੇਵ ਕਾਓ-ਸੇਵ ਫਰੀਦਕੋਟ' ਮੁਹਿੰਮ ਤਹਿਤ ਸ਼ਹਿਰ ਨੂੰ ਲਾਵਾਰਿਸ ਪਸ਼ੂਆਂ ਤੋਂ ਮੁਕਤ ਕਰਨ ਦੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਇਸ ਮੁਹਿੰਮ ਦੇ 5ਵੇਂ ਦਿਨ 17 ਲਾਵਾਰਿਸ ਪਸ਼ੂ ਕਾਬੂ ਕਰ ਕੇ ਗਊਸ਼ਾਲਾ ਭੇਜੇ ਗਏ। ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਨੇ ਦੱਸਿਆ ਕਿ ਇਸ ਮੁਹਿੰਮ ਲਈ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ, ਐੱਸਐੱਸਪੀ ਰਾਜਪਾਲ ਸਿੰਘ ਸੰਧੂ, ਨਗਰ ਕੌਂਸਲ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੀ ਅਗਵਾਈ 'ਚ ਸ਼ਹਿਰ ਨੂੰ ਲਾਵਾਰਿਸ ਪਸ਼ੂਆਂ ਤੋਂ ਮੁਕਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਗਊਮਾਤਾ ਦੀ ਸੇਵਾ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮਨ ਨੂੰ ਬਹੁਤ ਜ਼ਿਆਦਾ ਸੰਤੁਸ਼ਟੀ ਮਿਲ ਰਹੀ ਹੈ ਕਿਉਂਕਿ ਹੁਣ ਗਊ ਮਾਤਾ ਸੜਕਾਂ 'ਤੇ ਨਹੀਂ ਰੁਲੇਗੀ ਤੇ ਗਊ ਮਾਤਾ ਸਿਰਫ ਹੁਣ ਲੋਕਾਂ ਨੂੰ ਗਊਸ਼ਾਲਾ 'ਚ ਹੀ ਮਿਲੇਗੀ। ਲੋਕਾਂ ਨੂੰ ਐਕਸੀਡੈਂਟ ਤੋਂ ਰਾਹਤ ਮਿਲੇਗੀ ਕਿਉਂਕਿ ਅੱਗੇ ਲਾਵਾਰਿਸ ਪਸ਼ੂ ਆਮ ਘੁੰਮਦੇ ਦਿਖਾਈ ਦਿੰਦੇ ਸਨ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਵੱਲੋਂ ਇਹ ਮੁਹਿੰਮ ਉਦੋਂ ਤਕ ਜਾਰੀ ਰਹੇਗੀ, ਜਦੋਂ ਤਕ ਸ਼ਹਿਰ 'ਚੋਂ ਲਾਵਾਰਿਸ ਪਸ਼ੂ ਖਤਮ ਨਹੀਂ ਹੋ ਜਾਂਦੇ। ਇਸ ਮੌਕੇ ਨਵਦੀਪ ਗਰਗ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਚਰਨਜੀਤ ਡੋਡ, ਵੀਰਪਾਲ, ਅਨਿਲ, ਜਸੂ, ਗੋਲਡੀ ਪੁਰਬਾ, ਸਨੀ, ਚੋਪੜਾ ਆਦਿ ਹਾਜ਼ਰ ਸਨ।