- ਪਰਾਲੀ ਨੂੰ ਖੇਤ 'ਚ ਖਪਾਉਣ ਸਬੰਧੀ ਮਸ਼ੀਨਰੀ ਲਈ ਜ਼ਿਲ੍ਹੇ 'ਚ ਖੋਲ੍ਹੇ ਗਏ 335 ਕਸਟਮ ਹਾਈਰਿੰਗ ਸੈਂਟਰ

- ਪਿੰਡ ਸੇਢਾ ਸਿੰਘ ਵਾਲਾ ਦੇ ਬਾਇਓਮਾਸ ਪਾਵਰ ਪਲਾਂਟ ਵਿੱਚ ਪਰਾਲੀ ਤੋਂ ਬਣੇਗੀ 15 ਮੈਗਾਵਾਟ ਬਿਜਲੀ

- ਵਾਤਾਵਰਨ ਤੇ ਧਰਤੀ ਦੀ ਸੰਭਾਲ ਲਈ ਪਰਾਲੀ ਨਾ ਸਾੜਨ ਦੀ ਅਪੀਲ

-ਪਰਾਲੀ ਨੂੰ ਅੱਗ ਲਗਾਉਣ ਵਿਰੁੱਧ ਹੋਵੇਗੀ ਸ਼ਖਤ ਕਾਰਵਾਈ

ਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ : ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਜਿੱਥੇ ਪਿਛਲੇ ਸਮੇਂ 'ਚ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਿੰਡ ਪੱਧਰ 'ਤੇ ਝੋਨੇ ਦੀ ਪਰਾਲੀ ਨੂੰ ਵਾਤਾਵਰਨ ਦੀ ਸੰਭਾਲ ਲਈ ਅੱਗ ਨਾ ਲਾਉਣ ਸਬੰਧੀ ਜਾਗਰੂਕ ਕੀਤਾ ਗਿਆ ਹੈ ਉੱਥੇ ਹੀ ਪਿਛਲੇ ਸਮੇਂ 'ਚ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਜਿਲ੍ਹੇ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ 15 ਅਗਸਤ , 26 ਜਨਵਰੀ ਅਤੇ ਹੋਰ ਜਿਲ੍ਹਾ ਪੱਧਰੀ ਸਮਾਗਮਾਂ ਵਿੱਚ ਸਨਮਾਨਿਤ ਵੀ ਕੀਤਾ ਗਿਆ । ਇਸ ਤੋਂ ਇਲਾਵਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਤਹਿਤ ਜਿਲ੍ਹੇ ਵਿੱਚ ਪਰਾਲੀ ਨੂੰ ਖੇਤ ਵਿੱਚ ਖਪਾੳਣ ਲਈ ਵੱਡੀ ਪੱਧਰ ਤੇ ਕਸਟਮ ਹਾਈਰਿੰਗ ਸੈਂਟਰ ਖੋੋਲ੍ਹੇ ਗਏ ਹਨ ਅਤੇ ਕਿਸਾਨਾਂ ਨੂੰ ਨਿੱਜੀ ਤੌਰ 'ਤੇ ਵੀ ਖੇਤੀ ਮਸ਼ੀਨਰੀ ਸਬਸਿਡੀ ਤੇ ਮੁਹੱਈਆ ਕਰਵਾਈ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਦੇ ਸਾੜ੍ਹਨ ਨਾਲ ਖੁਦ ਤੇ ਵਾਤਾਵਰਨ ਦੇ ਹੁੰਦੇ ਨੁਕਸਾਨਾਂ ਬਾਰੇ ਵੱਡੀ ਪੱਧਰ ਤੇ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਪਰਾਲੀ ਤੇ ਹੋਰ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਜਿੱਥੇ ਜਮੀਨ ਅਤੇ ਜੈਵਿਕ ਮਾਦੇ ਨੂੰ ਨੁਕਸਾਨ ਹੁੰਦਾ ਹੈ ਉੱਥੇ ਜ਼ਮੀਨ ਦੀ ਸਿਹਤ ਵੀ ਖ਼ਰਾਬ ਹੁੰਦੀ ਹੈ ਤੇ ਇਸ ਦਾ ਅਸਰ ਸਮੁੱਚੀ ਬਨਸਪਤੀ 'ਤੇ ਵੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਫ਼ੈਲਣ ਵਾਲੀਆਂ ਖਤਰਨਾਕ ਗੈਸਾਂ ਹਵਾ ਵਿੱਚ ਮਿਲ ਕੇ ਪ੍ਰਦੂਸ਼ਣ ਵਿੱਚ ਢੇਰ ਸਾਰਾ ਵਾਧਾ ਕਰਦੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ ਹੁਣ ਤੱਕ ਕਰੀਬ 200 ਅਜਿਹੇ ਕਿਸਾਨਾਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਅਤੇ ਵਾਤਾਵਰਨ ਦੇ ਦੂਤ ਬਣਕੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ 20 ਕਿਸਾਨ ਸਤੰਬਰ ਮਹੀਨੇ ਵਿੱਚ ਨਵੀਂ ਦਿੱਲੀ ਵਿੱਚ ਹੋਈ ਕੌਮੀ ਕਾਨਫਰੰਸ ਵਿੱਚ ਵੀ ਪਰਾਲੀ ਨੂੰ ਅੱਗ ਲਾ ਲਾਉਣ ਅਤੇ ਖੇਤਾਂ ਵਿੱਚ ਖਪਾਉਣ ਸਬੰਧੀ ਜਾਗਰੂਕ ਕਰਨ ਲਈ ਜਿਲ੍ਹੇ ਦੇ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਪਿੰਡ ਸੇਢਾ ਸਿੰਘ ਵਾਲਾ ਸਬ ਡਵੀਜਨ ਜੈਤੋਂ ਵਿਖੇ ਵੀ ਪਰਾਲੀ ਤੋਂ ਬਿਜਲੀ ਬਣਾਉਣ ਵਾਲਾ ਬਾਇਓਮਾਸ ਪਾਵਰ ਪਲਾਂਟ ਇਸੇ ਸੀਜਨ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਵਿਚ ਪਰਾਲੀ ਤੋਂ 15 ਮੈਗਾਵਾਟ ਬਿਜਲੀ ਪੈਦਾ ਹੋੋਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਾਇਓਮਾਸ ਪਲਾਂਟ ਵਿੱਚ ਆਪਣੀ ਪਰਾਲੀ ਵੇਚ ਕੇ ਮੁਨਾਫ਼ਾ ਕਮਾਉਣ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ ਪਿੰਡ ਮੁਮਾਰਾ ਦੇ ਵਸਨੀਕਾਂ ਨੇ ਸਹੰੁ ਖਾਧੀ ਹੈ ਕਿ ਉਹ ਨਾ ਤਾਂ ਆਪਣੇ ਪਿੰਡ ਦੇ 700 ਏਕੜ ਰਕਬੇ ਵਿੱਚ ਖੁਦ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਗੇ ਸਗੋਂ ਹੋਰਨਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨਗੇ। ਜਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ.ਹਰਵਿੰਦਰ ਸਿੰਘ ਅਤੇ ਪ੍ਰਰੋਜੈਕਟ ਡਾਇਰੈਕਟਰ ਆਤਮਾ ਡਾ.ਅਮਨਦੀਪ ਕੇਸ਼ਵ ਨੇ ਦੱਸਿਆ ਕਿ ਜਿਲ੍ਹੇ ਦੇ ਕਿਸਾਨਾਂ ਨੂੰ ਜਿੱਥੇ ਪਰਾਲੀ ਪ੍ਰਬੰਧਨ ਲਈ ਵੱਡੀ ਪੱਧਰ ਤੇ ਜਾਗਰੂਕ ਕੀਤਾ ਗਿਆ ਹੈ ਉਥੇ ਹੀ ਜਿਲ੍ਹੇ ਵਿੱਚ ਪਰਾਲੀ ਨੂੰ ਖੇਤ ਵਿੱਚ ਘਪਾਉਣ ਵਾਲੀ ਮਸ਼ੀਨਰੀ ਦੇ 335 ਕਸਟਮ ਹਾਈਰਿੰਗ ਸੈਂਟਰ ਸਥਾਪਤ ਕੀਤੇ ਗਏ ਹਨ। ਜਿੱਥੇ ਕਿਸਾਨ ਬਹੁਤ ਹੀ ਘੱਟ ਕਿਰਾਏ ਤੇ ਖੇਤ ਮਸ਼ੀਨਰੀ ਲੈ ਕੇ ਪਰਾਲੀ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇੰਨ੍ਹਾਂ ਕਸਟਮ ਹਾਈਰਿੰਗ ਸੈਂਟਰਾਂ ਤੇ 12.25 ਕਰੋੜ ਰੁਪਏ ਦੀ ਮਸ਼ੀਨਰੀ ਮੁਹੱਈਆਂ ਕਰਵਾਈ ਗਈ ਹੈ ਜਿੰਨ੍ਹਾਂ ਵਿੱਚ 158 ਹੈਪੀ ਸੀਡਰ, 152 ਪੈਡੀ ਚੌਪਰ, 70 ਮਲਚਰ, 156 ਆਰ.ਐਫ. ਬੀ. ਪਲੋ, 146 ਜੀਰੋ ਟਿੱਲ ਡਰਿੱਲ, 5 ਸਰੱਬ ਮਾਸਟਰ 12 ਰੋਟਰੀ ਸਲੈਸ਼ਰ ਅਤੇ 129 ਕਟਰ ਕਮ ਸਪਰੈਡਰ,ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ 2.19 ਕਰੋੜ ਰੁਪਏ ਦੀ ਨਿੱਜੀ ਮਸ਼ੀਨਰੀ ਲਈ ਸਬਸਿਡੀ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਵੱਡੀ ਗਿਣਤੀ ਵਿੱਚ ਕਿਸਾਨ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਪ੍ਰਬੰਧਨ ਕਰਨ ਅਤੇ ਉਸ ਨੂੰ ਖੇਤ ਵਿੱਚ ਘਪਾਉਣ ਦੀਆਂ ਵਿਧੀਆਂ ਸਬੰਧੀ ਜਾਗਰੂਕ ਕਰ ਰਹੇ ਹਨ । ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਪਰਾਲੀ ਨੂੰ ਅੱਗ ਨਾ ਲਗਾ ਕੇ ਜਿੱਥੇ ਹੋਰਨਾਂ ਕਿਸਾਨਾਂ ਲਈ ਮਿਸਾਲ ਬਣਨ ਉਥੇ ਵਾਤਾਵਰਨ ਦੀ ਸੰਭਾਲ ਵਿੱਚ ਵੀ ਆਪਣਾ ਯੋਗਦਾਨ ਪਾਉਣ।

15ਐਫ਼ਡੀਕੇ112:-ਪਿੰਡ ਸੇਢਾ ਸਿੰਘ ਵਾਲਾ ਵਿਖੇ ਤਿਆਰ ਬਾਇਓਮਾਸ ਪਾਵਰ ਪਲਾਂਟ।

15ਐਫ਼ਡੀਕੇ112ਬੀ:-ਖੇਤਾਂ ਵਿੱਚ ਪਰਾਲੀ ਦਾ ਪ੍ਰਬੰਧਨ ਕਰਦੇ ਹੋਏ ਕਿਸਾਨ।

15ਐਫ਼ਡੀਕੇ112ਏ:-ਤਕਨੀਕੀ ਮਸ਼ੀਨਾਂ ਦੁਆਰਾ ਪਰਾਲੀ ਦੀਆਂ ਬਣਾਈਆਂ ਗੱਠਾ ਦੀ ਤਸਵੀਰ।