ਚਾਨਾ, ਕੋਟਕਪੂਰਾ : ਦਸਮੇਸ਼ ਪਬਲਿਕ ਸਕੂਲ ਹਮੇਸ਼ਾ ਤੋਂ ਹੀ ਆਪਣੀਆਂ ਗਿਣਾਤਮਕ ਅਤੇ ਗੁਣਾਤਮਕ ਉਪਲਬਧੀਆਂ ਲਈ ਚਰਚਾ ਵਿਚ ਰਿਹਾ ਹੈ, ਭਾਵੇਂ ਵਿੱਦਿਆ ਦਾ ਖੇਤਰ ਹੋਵੇ, ਮੁਕਾਬਲਾ ਪ੍ਰਰੀਖਿਆਵਾਂ ਦਾ ਜਾਂ ਫਿਰ ਖੇਡਾਂ ਦਾ ਖੇਤਰ। ਪਿ੍ਰੰਸੀਪਲ ਗਗਨਦੀਪ ਕੌਰ ਬਰਾੜ ਦੀ ਸੂਝਮਈ ਅਤੇ ਸੁਚੱਜੀ ਪ੍ਰਬੰਧਕੀ ਸਮਰੱਥਾ ਅਧੀਨ ਜਿੱਥੇ ਹੋਣਹਾਰ ਵਿਦਿਆਰਥੀਆਂ ਨੇ ਆਪਣੀ ਦਿਮਾਗੀ ਅਤੇ ਸਰੀਰਕ ਸਮਰੱਥਾ ਦਾ ਸਮੇਂ-ਸਮੇਂ ਲੋਹਾ ਮਨਵਾਇਆ ਹੈ। ਉੱਥੇ ਖੇਡਾਂ ਦੇ ਖੇਤਰ ਵਿਚ ਵੀ ਆਪਣੀ ਬਾਖੂਬੀ ਪਛਾਣ ਕਾਇਮ ਕੀਤੀ ਹੈ। ਇਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਛੇਵੀਂ ਜਮਾਤ ਦੀ ਵਿਦਿਆਰਥਣ ਜਸਨੂਰ ਕੌਰ ਸਿੱਧੂ ਨੇ ਟੀਮ ਇੰਚਾਰਜ ਸੁਖਰਾਜ ਸਿੰਘ ਬਰਾੜ ਅਤੇ ਟੀਮ ਕੋਚ ਜਗਮੀਤ ਸਿੰਘ ਦੀ ਯੋਗ ਅਗਵਾਈ ਅਧੀਨ ਨੈੱਟਬਾਲ (ਅੰਡਰ-14) ਵਿਚ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਵਜੋਂ ਹੁਸ਼ਿਆਰਪੁਰ ਵਿਖੇ ਸੂਬਾ ਪੱਧਰ 'ਤੇ ਚੱਲੀ ਨੈੱਟਬਾਲ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਪੰਜਾਬ ਪੱਧਰ ਦੀਆਂ ਟੀਮਾਂ ਵਿਚ, ਜਿੱਥੇ ਭਰਪੂਰ ਵਾਹ-ਵਾਹ ਖੱਟੀ, ਉੱਥੇ ਰਾਸ਼ਟਰੀ ਪੱਧਰ 'ਤੇ ਜਾਣ ਵਾਲੀ ਟੀਮ ਲਈ ਚੁਣੇ ਜਾਣ 'ਤੇ ਹੋਰ ਵੀ ਮਾਣ ਕਮਾਇਆ। ਇਸ ਵਿਲੱਖਣ ਉਪਲਬਧੀ ਲਈ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਸਕੂਲ ਮੁਖੀ ਗਗਨਦੀਪ ਕੌਰ ਬਰਾੜ, ਕੋਆਰਡੀਨੇਟਰ ਮੈਡਮ ਹਰਬਿੰਦਰ ਬਰਾੜ, ਸਬੰਧਿਤ ਟੀਮ ਇੰਚਾਰਜ, ਵਿਦਿਆਰਥਣ ਅਤੇ ਮਾਪਿਆਂ ਨੂੰ ਭਰਪੂਰ ਸ਼ਬਦਾਂ ਵਿਚ ਵਧਾਈ ਸੰਦੇਸ਼ ਭੇਜਿਆ।