ਸਟਾਫ ਰਿਪੋਰਟਰ, ਫ਼ਰੀਦਕੋਟ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸਏਐੱਸ ਨਗਰ ਮੋਹਾਲੀ ਦੇ ਕਾਰਜਕਾਰੀ ਚੇਅਰਮੈਨ ਦੀਆਂ ਹਦਾਇਤਾਂ ਅਨੁਸਾਰ ਰਮੇਸ਼ ਕੁਮਾਰੀ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ, ਦੀ ਅਗਵਾਈ ਹੇਠ 13 ਅਗਸਤ ਨੂੰ ਕੌਮੀ ਲੋਕ ਅਦਾਲਤ ਜ਼ਿਲ੍ਹਾ ਕਚਹਿਰੀਆਂ ਫਰੀਦਕੋਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਦਾਲਤ ਵਿਚ ਜ਼ਮੀਨ ਗ੍ਹਿਣ ਕਰਨ ਦੀਆਂ ਕਾਰਵਾਈਆਂ, ਸਥਾਈ ਲੋਕ ਅਦਾਲਤ ਵਿਚ ਸ਼ਿਕਾਇਤਾਂ/ਪਟੀਸ਼ਨਾਂ, ਐੱਸਏਸੀਟੀ ਕਲੇਮ ਪਟੀਸ਼ਨ ਅਤੇ ਐਗਜ਼ੀਕਿਊਸ਼ਨ, ਪਰਿਵਾਰਕ ਅਦਾਲਤਾਂ ਵਿਚ ਪਰਿਵਾਰਕ ਮਾਮਲੇ, ਮਜ਼ਦੂਰ ਵਿਵਾਦ, ਟ੍ਰੈਫਿਕ ਚਲਾਨ, ਮਿਸ਼ਰਤ ਅਪਰਾਧ, ਬਿਜਲੀ ਐਕਟ ਤਹਿਤ ਦਰਜ ਐੱਫਆਈਆਰ, ਐੱਨਆਈਏ ਅਧੀਨ ਸ਼ਿਕਾਇਤਾਂ, ਰਿਕਵਰੀ ਸੂਟ, ਪ੍ਰਰੀ-ਲਿਟੀਗੇਟਿਵ ਕੇਸ, ਕਿਸੇ ਵੀ ਹੋਰ ਕਿਸਮ ਦੇ ਕੇਸ ਲਏ ਜਾਂਦੇ ਹਨ ਅਤੇ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਹੀ ਸਮਝੌਤਾ ਕਰਵਾਇਆ ਜਾਂਦਾ ਹੈ। ਜਿਸ ਕਰ ਕੇ ਸਮੇਂ ਦੀ ਬੱਚਤ ਦੇ ਨਾਲ-ਨਾਲ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਫੀਸ ਵੀ ਵਾਪਸ ਹੁੰਦੀ ਹੈ।

ਲੋਕ ਅਦਾਲਤ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਅਦਾਲਤ ਰਾਹੀਂ ਕੀਤਾ ਗਿਆ ਫੈਸਲੇ ਦੀ ਕੋਈ ਅਪੀਲ ਦਲੀਲ ਨਹੀਂ ਹੁੰਦੀ ਅਤੇ ਉਸ ਦੀ ਫੈਸਲੇ ਦੀ ਬੁੱਕਤ ਅਦਾਲਤ ਦੇ ਡਿਗਰੀ ਕੀਤੇ ਫੈਸਲੇ ਦੇ ਬਰਾਬਰ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਅਦਾਲਤ ਵਿਚ ਆਪਣੇ ਝਗੜੇ ਲਿਆਉਣ ਅਤੇ ਇਸ ਦਾ ਫਾਇਦਾ ਉਠਾਉਣ। ਉਨ੍ਹਾਂ ਕਿਹਾ ਕਿ ਪ੍ਰਰੀ ਲਿਟੀਗੇਟਿਵ ਮੁਕੱਦਮੇ ਵੀ ਇਸ ਅਦਾਲਤ ਵਿਚ ਲਿਆਂਦੇ ਜਾ ਸਕਦੇ ਹਨ। ਕਿਸੇ ਵੀ ਧਿਰ ਨੂੰ ਜੇਕਰ ਇਸ ਅਦਾਲਤ ਵਿਚ ਮੁਕੱਦਮਾ ਲਿਆਉਣ ਵਿਚ ਕੋਈ ਦਿੱਕਤ ਆ ਰਹੀ ਹੋਵੇ ਤਾਂ ਉਹ ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਿਟੀ, ਜੂਡੀਸ਼ੀਅਲ ਕੰਪਲੈਕਸ ਫਰੀਦਕੋਟ ਵਿਖੇ ਸੰਪਰਕ ਕਰ ਸਕਦੇ ਹਨ।