- ਫਰੀਦਕੋਟੀਏ ਲੁਟੇਰੇ ਗਰੋਹ ਕਾਰਨ ਸਹਿਮੇ

- ਪੁਲਿਸ ਵੱਲੋਂ ਲੁਟੇਰਿਆਂ ਨੂੰ ਫੜਨ ਲਈ ਯਤਨ ਤੇਜ

ਸਤੀਸ਼ ਕੁਮਾਰ, ਫ਼ਰੀਦਕੋਟ : ਸ਼ਹਿਰ ਅੰਦਰ ਦਿਨ ਪ੍ਰਤੀ ਦਿਨ ਲੁੱਟ ਖੋਹ ਦੀਆਂ ਵੱਧ ਰਹੀਆਂ ਵਾਰਦਾਤਾਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ, ਉੱਥੇ ਲੋਕਾਂ 'ਚ ਆਪਣੀ ਸੁਰੱਖਿਆ ਨੂੰ ਲੈ ਕੇ ਭਾਰੀ ਪ੍ਰਰੇਸ਼ਾਨੀ ਦਾ ਮਹੌਲ ਬਣ ਗਿਆ ਹੈ। ਬੇਸ਼ੱਕ ਲੁਟੇਰੇ ਗਰੋਹ ਵੱਲੋਂ ਦੇਰ ਸਵੇਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਲੁਟੇਰਾ ਗਰੋਹ ਦੇ ਵੱਧਦੇ ਹੌਂਸਲਿਆਂ ਕਾਰਨ ਫਰੀਦਕੋਟੀਏ ਸਹਿਮ ਦੇ ਮਹੌਲ 'ਚ ਜ਼ਿੰਦਗੀ ਬਸਰ ਕਰ ਰਹੇ ਹੋਣ ਦੇ ਬਾਵਜੂਦ ਪੁਲਿਸ ਅਧਿਕਾਰੀ ਲੁਟੇਰਿਆਂ ਨੂੰ ਫੜਨ ਲਈ ਵਿਉਂਤ ਬਣਾ ਰਹੇ ਹਨ। ਬੀਤੀ ਰਾਤ ਇੱਕ ਡਾਕਟਰ ਪਾਸੋਂ ਦੋ ਲੁਟੇਰਿਆਂ ਵੱਲੋਂ ਕਾਰ ਖੋਹ ਕੇ ਲੈ ਜਾਣ ਦੀ ਘਟਨਾ ਨੇ ਇੱਕ ਵਾਰ ਿਫ਼ਰ ਇਹ ਸਾਬਤ ਕਰ ਦਿੱਤਾ ਹੈ ਕਿ ਅਜਿਹੀਆਂ ਵਾਰਦਾਤਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਦੰਦਾਂ ਦੇ ਡਾਕਟਰ ਵਿਸ਼ਾਲ ਕੌਸ਼ਲ ਜੋ ਫ਼ਰੀਦਕੋਟ ਵਿਖੇ ਆਪਣਾ ਹਸਪਤਾਲ ਰਿਹਾ ਹੈ ਜਦੋਂ ਬੀਤੀ ਰਾਤ ਫ਼ਰੀਦਕੋਟ ਤੋਂ ਕੋਟਕਪੂਰਾ ਵੱਲ ਆਪਣੀ ਸਵਿਫ਼ਟ ਕਾਰ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਕਾਰ ਨੇ ਓਵਰਟੇਕ ਕਰਕੇ ਇਸਦੀ ਗੱਡੀ ਰੋਕ ਲਈ। ਜਾਣਕਾਰੀ ਅਨੁਸਾਰ ਇਸ ਉਪਰੰਤ ਉਸ ਕਾਰ ਵਿੱਚੋਂ ਦੋ ਵਿਅਕਤੀ ਨਿਕਲੇ ਅਤੇ ਡਾਕਟਰ ਦੀ ਗੱਡੀ 'ਚ ਬੈਠ ਕੇ ਉਨ੍ਹਾਂ ਕਾਰ ਅੰਮਿ੍ਤਸਰ ਰੋਡ 'ਤੇ ਲਿਜਾਣ ਲਈ ਆਖਿਆ। ਸੂਤਰਾਂ ਅਨੁਸਾਰ ਇਸ ਦੌਰਾਨ ਲੁਟੇਰਿਆਂ ਨੇ ਡਾਕਟਰ 'ਤੇ ਇੱਕ ਦੋ ਵਾਰ ਹੱਥ ਵੀ ਚੁੱਕਿਆ ਤੇ ਇਸ ਤੋਂ ਬਾਅਦ ਅੰਮਿ੍ਤਸਰ ਰੋਡ 'ਤੇ ਕਿਸੇ ਸੁੰਨਸਾਨ ਥਾਂ 'ਤੇ ਗੱਡੀ ਰੋਕ ਕੇ ਡਾਕਟਰ ਦਾ ਮੋਬਾਈਲ ਖੋਹ ਕੇ ਉਸ ਨੂੰ ਕਾਰ 'ਚੋਂ ਉਤਾਰ ਦਿੱਤਾ। ਸੂਤਰਾਂ ਅਨੁਸਾਰ ਇਸ ਘਟਨਾ ਤੋਂ ਬਾਅਦ ਡਾਕਟਰ ਵਿਸ਼ਾਲ ਕੌਸ਼ਲ ਪੈਦਲ ਇਸ ਸੜਕ 'ਤੇ ਪੈਂਦੇ ਇੱਕ ਪਿੰਡ ਵਿੱਚ ਪੁੱਜਿਆ ਜਿੱਥੋਂ ਉਸ ਨੇ ਕਿਸੇ ਦੀ ਸਹਾਇਤਾ ਨਾਲ ਆਪਣੇ ਭਰਾ ਨੂੰ ਮੋਬਾਈਲ ਕਰਕੇ ਸਾਰੀ ਜਾਣਕਾਰੀ ਦਿੱਤੀ ਜਿਸ 'ਤੇ ਡਾਕਟਰ ਦੇ ਭਰਾ ਨੇ ਮੌਕੇ 'ਤੇ ਜਾ ਕੇ ਇੰਨ੍ਹਾਂ ਨੂੰ ਸਹਾਇਤਾ ਪ੍ਰਦਾਨ ਕੀਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਥੋੜ੍ਹੇ ਕੁ ਦਿਨ ਪਹਿਲਾਂ ਬਾਜੀਗਰ ਬਸਤੀ ਵਾਸੀ ਇਕ ਅੌਰਤ ਨੂੰ ਲੁਟੇਰੇ ਨਿਸ਼ਾਨਾ ਬਣਾ ਕੇ ਸੋਨੇ ਦੀ ਵਾਲੀ ਖੋਹ ਕੇ ਫਰਾਰ ਹੋਣ ਗਏ ਸਨ, ਇਸੇ ਲੜ੍ਹੀ ਤਹਿਤ ਹੀ ਡੋਗਰ ਬਸਤੀ 'ਚ ਇਕ ਹਫਤੇ 'ਚ ਚਾਰ ਦੇ ਕਰੀਬ ਵਾਰਦਾਤਾਂ ਵਾਪਰ ਚੁੱਕੀਆਂ ਹੋਣ ਦੇ ਨਾਲ ਨਾਲ ਝਪਟਮਾਰੀ, ਲੁੱਟਖੋਹ, ਗੁੰਡਾਗਰਦੀ ਵੱਧਦੀ ਹੀ ਜਾ ਰਹੀ ਹੈ। ਇਸ ਪਾਸੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸਖਤ ਐਕਸ਼ਨ ਲੈਣ ਦੀ ਜ਼ਰੂਰਤ ਹੈ ਤਾਂ ਜੋ ਲੁਟੇਰੇ ਗਰੋਹ ਨੂੰ ਦਬੋਚਿਆ ਜਾ ਸਕੇ।

14ਐਫਡੀਕੇ119:-ਹੱਡਬੀਤੀ ਸੁਣਾਉਂਦਾ ਹੋਇਆ ਡਾਕਟਰ ਵਿਸ਼ਾਲ ਕੌਸ਼ਲ।