ਸਤੀਸ਼ ਕੁਮਾਰ, ਫਰੀਦਕੋਟ

ਗਰੀਬਾਂ ਆਟਾ ਦਾਲ ਸਕੀਮ ਦੇ ਤਹਿਤ ਬਣਾਏ ਗਏ ਨੀਲੇ ਕਾਰਡ ਜਿਲ੍ਹਾ ਪ੍ਰਸਾਸਨ ਵੱਲੋਂ ਕੱਟੇ ਜਾਣ 'ਤੇ ਆਮ ਆਦਮੀ ਪਾਰਟੀ ਨੇ ਮਿੰਨੀ ਸਕੱਤਰੇਤ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜੀ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਰਾਹੀਂ ਕੈਪਟਨ ਸਰਕਾਰ ਨੂੰ ਮੰਗ ਪੱਤਰ ਭੇਜਦਿਆਂ ਮੰਗ ਕੀਤੀ ਕਿ ਕੱਟੇ ਗਏ ਨੀਲੇ ਕਾਰਡ ਤਰੁੰਤ ਬਹਾਲ ਕੀਤੇ ਜਾਣ।

ਧਰਨਾਕਾਰੀਆਂ ਨੂੰ ਸਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਨਾਂ ਵਜ੍ਹਾ ਲਾਭਪਾਤਰੀਆਂ ਦੇ ਨੀਲੇ ਕਾਰਡ ਕੱਟੇ ਜਾ ਰਹੇ ਹਨ, ਬਹੁਤ ਸਾਰੇ ਨੀਲੇ ਕਾਰਡਾਂ ਵਿੱਚੋਂ ਪਰਿਵਾਰ ਦੇ ਇੱਕ ਜਾ ਦੋਂ ਮੈਂਬਰਾਂ ਦੇ ਨਾਮ ਹੀ ਕੱਟ ਦਿੱਤੇ ਗਏ ਹਨ। ਉਕਤ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਰੋ.ਸਾਧੂ ਸਿੰਘ ਨੇ ਕਿਹਾ ਕਿ ਆਮ ਜਨਤਾ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁੱਝ ਪ੍ਰਸਾਸਨ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ, ਗਰੀਬ ਲੋਕਾਂ ਨਾਲ ਜੁੜੇ ਇਸ ਮਸਲੇ ਤੇ ਤਰੁੰਤ ਗੌਰ ਹੋਣੀ ਚਾਹੀਦੀ ਹੈ। ਪ੍ਰਦਰਸ਼ਨਕਾਰੀਆਂ ਨੂੰ ਸਬੋਧਨ ਕਰਦਿਆਂ ਹਲਕਾ ਇੰਚਾਰਜ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਗਰੀਬ ਅਤੇ ਲੋੜਵੰਦ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ ਬਹਾਲ ਨਾ ਕੀਤੇ ਤਾਂ ਪੰਜਾਬ ਪੱਧਰੀ ਸੰਘਰਸ਼ ਸ਼ਰੂ ਕੀਤਾ ਜਾਵੇਗਾ। ਸੂਬਾ ਸਰਕਾਰ ਵੱਲੋਂ ਕਿਸੇ ਵੀ ਗਰੀਬ ਜਾਂ ਲੋੜਵੰਦ ਵਿਅਕਤੀ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ। ਵਿਰੋਧੀ ਪਾਰਟੀਆਂ ਨਾਲ ਸਬੰਧਿਤ ਵਰਕਰਾਂ ਦੇ ਜਾਣਬੁੱਝ ਕੇ ਕਾਰਡ ਕੱਟੇ ਜਾ ਰਹੇ ਹਨ, ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਵਰਕਰਾਂ ਸਮੇਤ ਲੀਡਰਾਂ ਵੱਲੋਂ ਸੂਬਾ ਸਰਕਾਰ ਖਿਲਾਫ਼ ਧਰਨਾ ਦੇਣ ਤੋਂ ਬਾਅਦ ਰੋਸ ਰੈਲੀ ਕੱਢਣ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ।