ਅਰਸ਼ਦੀਪ ਸੋਨੀ, ਸਾਦਿਕ : ਪੂਰਾ ਦੇਸ਼ ਕੋਰੋਨਾ ਦੀ ਮਹਾਮਾਰੀ ਨਾਲ ਲੜ ਰਿਹਾ ਹੈ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਰਾਬ ਨੂੰ ਘਰ ਘਰ ਪਹੁੰਚਾਏ ਜਾਣ ਦੀ ਖੁੱਲ੍ਹ ਦੇਣ ਤੋਂ ਬਾਅਦ ਨਵੀਂ ਚੁੰਝ ਚਰਚਾ ਸ਼ੁਰੂ ਹੋ ਗਈ ਅਤੇ ਹਰ ਕੋਈ ਕੈਪਟਨ ਸਰਕਾਰ ਦੇ ਫ਼ੈਸਲੇ ਨੂੰ ਵੱਖਰੇ ਵੱਖਰੇ ਨਜ਼ਰੀਏ ਨਾਲ ਦੇਖ ਰਿਹਾ ਹੈ।ਕਰਫਿਊ ਦੌਰਾਨ ਸੂਬੇ ਦੀ ਅਰਥ ਵਿਵਸਥਾ ਡਾਵਾਂਡੋਲ ਹੋਣ ਤੋਂ ਬਾਅਦ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਆਮਦਨ ਦਾ ਸਾਧਨ ਜੁਟਾਇਆ ਜਾ ਸਕੇ ਤੇ ਕੋਰੋਨਾ 'ਤੇ ਖਰਚ ਹੋਣ ਕਾਰਨ ਖਾਲੀ ਹੋ ਰਹੇ ਖ਼ਜ਼ਾਨੇ ਨੂੰ ਕੁਝ ਰਾਹਤ ਮਿਲ ਸਕੇ। ਇਸ ਫੈਸਲੇ ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਵਦੀਪ ਸਿੰਘ ਬੱਬੂ ਬਰਾੜ ਸਾਬਕਾ ਚੇਅਰਮੈਨ ਪੀਆਰਟੀਸੀ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਘਰ ਘਰ ਨੌਕਰੀ ਦੇਵਾਂਗੇ ਪਰ ਸਾਢੇ ਤਿੰਨ ਸਾਲ ਦੌਰਾਨ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਗਈ ਤੇ ਹੁਣ ਨੌਕਰੀ ਤਾਂ ਕੀ ਦੇਣੀ ਸੀ ਸਗੋਂ ਘਰ ਘਰ ਸ਼ਰਾਬ ਪੁੱਜਦੀ ਕਰਨ ਦੇ ਫੈਸਲੇ ਕੀਤੇ ਜਾ ਰਹੇ ਹਨ ਜੋ ਕਿ ਮੰਦਭਾਗੇ ਫੈਸਲੇ ਹਨ। ਪਹਿਲਾਂ ਹੀ ਭੁੱਖਮਰੀ ਨਾਲ ਲੜ ਰਹੇ ਲੋਕਾਂ 'ਤੇ ਆਰਥਿਕ ਬੋਝ ਹੋਰ ਵਧੇਗਾ। ਐਸ ਵੇਲੇ ਲੋਕਾਂ ਦਾ ਚੁੱਲ੍ਹਾ ਤਪਾਉਣ ਦੀ ਲੋੜ ਹੈ ਨਾ ਕਿ ਸ਼ਰਾਬ ਵੰਡਣ ਦੀ ਜਰੂਰਤ ਹੈ। ਪ੍ਰਸ਼ਾਸ਼ਨ ਵਧੀਆ ਕੰਮ ਕਰ ਰਿਹਾ ਹੈ ਤੇ ਸਿਆਸੀ ਆਗੂਆਂ ਨੂੰ ਚਾਹੀਦਾ ਹੈ ਕਿ ਪੱਗਾਂ ਦੇ ਰੰਗ ਦੇਖ ਕੇ ਰਾਸ਼ਨ ਦੀ ਵੰਡ ਦਾ ਸਿਆਸੀਕਰਨ ਨਾ ਕਰਨ। ਮੈਂ ਇਸ ਗੱਲ 'ਤੇ ਵੀ ਹੈਰਾਨ ਹਾਂ ਤੇ ਲੱਗਦਾ ਹੈ ਕਿ ਕੈਪਟਨ ਨੇ ਨਸ਼ਾ ਬੰਦ ਕਰਨ ਦੀ ਸਹੁੰ ਨਹੀਂ ਖਾਦੀ ਸੀ ਸਗੋਂ ਨਸ਼ਾ ਘਰ ਘਰ ਪਹੁੰਚਾਉਣ ਦੀ ਸਹੁੰ ਖਾਧੀ ਸੀ ਲਾਕਡਾਊਨ ਕਾਰਨ ਬਹੁਤ ਸਾਰੇ ਲੋਕ ਨਸ਼ੇ ਤੋਂ ਦੂਰ ਹੋ ਗਏ ਸਨ ਤੇ ਦੁਬਾਰਾ ਸ਼ਰਾਬ ਦੇ ਠੇਕੇ ਖੋਲ੍ਹ ਕੇ ਆਰਥਿਕ ਤੰਗੀ ਨਾਲ ਜੂਝ ਰਹੇ ਲੋਕਾਂ ਨੂੰ ਨਸ਼ੇ ਵੱਲ ਧੱਕਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਜ਼ਰੂਰੀ ਵਸਤਾਂ ਦੀ ਘਰ ਘਰ ਸਪਲਾਈ ਦੀ ਛੋਟ ਦਿੱਤੀ ਸੀ ਪਰ ਹੁਣ ਲੱਗਦਾ ਹੈ ਕਿ ਸ਼ਰਾਬ ਦੀ ਜ਼ਰੂਰੀ ਵਸਤਾਂ ਵਿੱਚ ਸ਼ਾਮਲ ਹੋ ਗਈ ਹੈ।