ਸਤੀਸ਼ ਕੁਮਾਰ ਫਰੀਦਕੋਟ : ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਰਫਿਊ ਲਗਾ ਕੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਜਿੱਥੇ ਅਪੀਲ ਕੀਤੀ ਜਾ ਰਹੀ ਹੈ ਉੱਥੇ ਹੀ ਫਰੀਦਕੋਟ ਜ਼ਿਲ੍ਹੇ 'ਚ ਨੰਦੇੜ ਸਾਹਿਬ ਤੋਂ ਲਿਆਂਦੇ ਗਏ ਸ਼ਰਧਾਲੂ ਸਮੇਤ ਹੋਰਨਾ ਸੂਬਿਆਂ ਤੋਂ ਆਏ ਮਜ਼ਦੂਰਾਂ ਨੂੰ ਇਕਾਂਤਵਾਸ 'ਚ ਰੱਖਿਆ ਜਾ ਰਿਹਾ। ਮੰਗਲਵਾਰ ਨੂੰ ਫਰੀਦਕੋਟ 'ਚ ਇਕ ਪੰਜ ਸਾਲ ਦੇ ਬੱਚੇ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਜਿਉਂ ਹੀ ਪੁਸ਼ਟੀ ਸਿਹਤ ਮਹਿਕਮੇ ਵੱਲੋਂ ਕੀਤੀ ਗਈ ਤਾਂ ਫਰੀਦਕੋਟੀਏ ਸਹਿਮ ਗਏ। ਬੱਚੇ ਦੇ ਨਾਲ ਉਸ ਦੀ ਮਾਤਾ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕੀਤਾ ਗਿਆ ਹੈ। ਇਸਤੋਂ ਪਹਿਲਾ ਕੋਰੋਨਾ ਪਾਜ਼ੇਟਿਵ ਦੇ ਫਰੀਦਕੋਟ 'ਚ ਕਰੀਬ 46 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਵਿੱਚ 2 ਵਿਅਕਤੀਆਂ ਨੂੰ ਸਿਹਤ ਠੀਕ ਹੋਣ 'ਤੇ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇੰਨਾ ਸਾਰੇ ਪਾਜੇਟਿਵ ਕੇਸ਼ਾ ਦੇ ਵਿਅਕਤੀਆਂ ਸਮੇਤ ਅੌਰਤਾਂ 'ਚੋਂ ਇੰਨੀ ਛੋਟੀ ਉਮਰ ਦੇ ਬੱਚੇ ਨੂੰ ਕੋਰੋਨਾ ਪਾਜੇਟਿਵ ਹੋਣ ਦੀ ਪੁਸ਼ਟੀ ਫਰੀਦਕੋਟ 'ਚ ਪਹਿਲੀ ਵਾਰ ਹੋਈ ਹੈ। ਉਕਤ ਮਾਮਲੇ ਨੂੰ ਲੈ ਕੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਰਾਜੂ ਦਾ ਕਹਿਣਾ ਹੈ ਕਿ ਨੰਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਜੱਥੇ ਵਿਚੋਂ ਹੀ ਇਕ ਪੰਜ ਸਾਲ ਦੇ ਨਿੱਕੜੇ ਬੱਚੇ ਨੂੰ ਕੋਰੋਨਾ ਪਾਜੇਟਿਵ ਆਉਣ 'ਤੇ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ, ਇਸ ਬੱਚੇ ਦੇ ਨਾਲ ਉਸਦੀ ਮਾਂ ਨੂੰ ਵੀ ਰੱਖਿਆ ਜਾ ਰਿਹਾ ਹੈ ਤਾਂ ਜੋ ਛੋਟੇ ਬੱਚੇ ਨੂੰ ਕੋਈ ਦਿੱਕਤ ਜਾਂ ਪ੍ਰਰੇਸ਼ਾਨੀ ਨਾ ਆਵੇ। ਦੱਸਣਯੋਗ ਹੈ ਕਿ ਫਰੀਦਕੋਟ ਸਹਿਰ ਵਿੱਚ 3 ਕੋਰੋਨਾ ਪਾਜੇਟਿਵ ਕੇਸ ਮਹੀਨਾ ਪਹਿਲਾ ਸਾਹਮਣੇ ਆਏ ਸਨ, ਜਿਸਤੋਂ ਬਾਅਦ ਜੇਰੇ ਇਲਾਜ ਦੋਂ ਵਿਅਕਤੀਆਂ ਨੂੰ ਹਸਪਤਾਲ ਵਿਚੋਂ ਛੁੱਟੀ ਵੀ ਮਿਲ ਚੁੱਕੀ ਹੈ ਅਤੇ ਤੀਸਰੇ ਵਿਅਕਤੀ ਦੀ ਹਾਲਤ ਬਿਲਕੁੱਲ ਠੀਕ ਠਾਕ ਹੋਣ 'ਤੇ ਕਿਸੇ ਵੀ ਸਮੇਂ ਸਿਹਤ ਮਹਿਕਮੇ ਵੱਲੋਂ ਛੁੱਟੀ ਦੇ ਕੇ ਘਰ ਭੇਜਿਆ ਜਾ ਸਕਦਾ ਹੈ। ਦੂਜੇ ਪਾਸੇ ਸਹਿਰ ਅੰਦਰ ਕੋਈ ਵੀ ਨਵਾ ਮਾਮਲਾ ਨਾ ਆਉਣ ਕਰਕੇ ਰਾਹਤ ਮਹਿਸੂਸ ਕਰ ਰਹੇ ਹਨ, ਹੁਣ ਤੱਕ ਜਿੰਨੇ ਵੀ ਕੋਰੋਨਾ ਮਰੀਜਾਂ ਦੀ ਫਰੀਦਕੋਟ 'ਚ ਪੁਸਟੀ ਹੋਈ ਹੈ ਉਸ ਵਿਚੋਂ ਸਹਿਰ ਨਾਲ ਸਬੰਧਿਤ ਸਿਰਫ 3 ਹਨ।