ਅਰਸ਼ਦੀਪ ਸੋਨੀ, ਸਾਦਿਕ : ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੇ ਸਾਰੇ ਖਰੀਦ ਕੇਂਦਰਾਂ ਵਿਚ ਕੋਰੋਨਾ ਦੀ ਮਹਾਮਾਰੀ ਅਤੇ ਕਰਫਿਊ ਦੇ ਬਾਵਜੂਦ ਕਣਕ ਦੀ ਖਰੀਦ ਦਾ ਕੰਮ ਵਧੀਆ ਤਰੀਕੇ ਨਾਲ ਚੱਲਿਆ। ਇਹ ਜਾਣਕਾਰੀ ਦੀਪਕ ਕੁਮਾਰ ਸੋਨੂੰ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 9 ਲੱਖ 88 ਹਜਾਰ 430 ਕੁਵਿੰਟਲ ਕਣਕ ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੀਆਂ ਮੰਡੀਆਂ ਵਿਚ ਵਿਕੀ ਸੀ, ਜਦੋਂ ਕਿ ਇਸ ਵਾਰ ਹੁਣ ਤੱਕ 8 ਲੱਖ 18 ਹਜਾਰ ਕੁਵਿੰਟਲ ਦੀ ਖਰੀਦ ਹੋ ਚੁੱਕੀ ਹੈ। ਜੋ ਕਿ ਪਿਛਲੇ ਸਾਲ ਦੀ ਆਮਦ ਮੁਤਾਬਿਕ 80 ਪ੍ਰਤੀਸ਼ਤ ਬਣਦੀ ਹੈ। ਮਜਦੂਰਾਂ ਦੀ ਘਾਟ ਕਾਰਨ ਟਰੱਕਾਂ ਦੀ ਅਣਲੋਡਿੰਗ ਘੱਟ ਹੋਣ ਕਾਰਨ ਮੰਡੀਆਂ ਵਿਚ ਹਾਲੇ ਤੱਕ ਕਣਕ ਦੀਆਂ ਬੋਰੀਆਂ ਪਈਆਂ ਹਨ। ਹੁਣ ਤੱਕ ਖਰੀਦ ਕੀਤੇ ਮਾਲ ਵਿਚੋਂ 4 ਲੱਖ 84 ਹਜਾਰ ਗੱਟਾ ਚੁੱਕਿਆ ਜਾ ਚੁੱਕਿਆ ਹੈ ਤੇ 3 ਲੱਖ 33 ਹਜਾਰ ਗੱਟਾ ਵੱਖ ਵੱਖ ਮੰਡੀਆਂ ਵਿਚ ਪਿਆ ਹੈ। ਇਸ ਸਾਲ ਦੀ ਖਰੀਦ ਵਿਚੋਂ 41 ਪ੍ਰਤੀਸ਼ਤ ਮਾਲ ਮੰਡੀਆਂ ਵਿੱਚ ਚੁੱਕਣ ਵਾਲਾ ਪਿਆ ਹੈ। ਇਸ ਵੇਲੇ ਵੱਖ ਵੱਖ ਖਰੀਦ ਏਜੰਸੀਆਂ ਦਾ ਸਾਦਿਕ ਮੰਡੀ ਵਿੱਚ 79 ਹਜਾਰ ਕੁਵਿੰਟਲ, ਜੰਡ ਸਾਹਿਬ 58 ਹਜਾਰ, ਸ਼ੇਰ ਸਿੰਘ ਵਾਲਾ 26 ਹਜਾਰ, ਦੀਪ ਸਿੰਘ ਵਾਲਾ ਵਿਖੇ 11 ਹਜਾਰ ਅਤੇ ਪਿੰਡ ਡੋਡ ਦੀ ਮੰਡੀ ਵਿਚ ਸਿਰਫ 470 ਕੁਵਿੰਟਲ ਚੁੱਕਣ ਵਾਲਾ ਪਿਆ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਮੁੱਖ ਮੰਤਰੀ ਪੰਜਾਬ ਦੇ ਰਾਜਨਤੀਕ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਿਢੱਲੋਂ ਦੇ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ। ਸਮਾਜਿਕ ਦੂਰੀ ਬਣਾ ਕੇ ਰੱਖੀ ਗਈ, ਮਜਦੂਰਾਂ ਨੂੰ ਮਾਸਕ, ਕਿਸਾਨਾਂ ਨੂੰ ਹੱਥ ਧੋਣ ਲਈ ਸਾਬਣ ਤੇ ਸੈਨੀਟਾਈਜ਼ਰ ਆੜ੍ਹਤੀਆਂ ਵੱਲੋਂ ਮੁਹੱਈਆ ਕਰਵਾਏ ਗਏ ਤੇ ਪਾਸ ਮੁਤਾਬਿਕ ਫਸਲ ਲੈ ਕੇ ਆਏ ਕਿਸਾਨ ਸਮੇਂ ਸਿਰ ਫਸਲ ਵੇਚ ਕੇ ਮੁੜਦੇ ਰਹੇ। ਅੱਜ ਵੀ ਕੂਪਨ ਆ ਰਹੇ ਹਨ ਪਰ ਹੁਣ ਕੂਪਨਾਂ ਦੀ ਪੁੱਛ ਪ੍ਰਤੀਤ ਨਹੀਂ ਰਹੀ। ਫਸਲ ਦੀ ਆਮਦ ਘੱਟ ਹੋਣ ਕਾਰਨ ਅਤੇ ਵੱਡੇ ਕਿਸਾਨਾਂ ਵੱਲੋਂ ਕਣਕ ਘਰੇਂ ਸਾਂਭ ਲੈਣ ਕਾਰਨ ਜ਼ਿਆਦਾ ਮਾਲ ਮੰਡੀਆਂ ਵਿਚ ਨਹੀਂ ਆ ਰਿਹਾ। ਇਸ ਮੌਕੇ ਸ਼ਿਵਰਾਜ ਸਿੰਘ ਿਢੱਲੋਂ ਸਰਪੰਚ ਸਾਦਿਕ, ਮਦਨ ਲਾਲ ਨਰੂਲਾ , ਸੰਦੀਪ ਗੁਲਾਟੀ, ਨਵਨੀਤ ਸੇਠੀ, ਸੰਦੀਪ ਸੇਠੀ ਤੇ ਸੰਜੀਵ ਜਸੂਜਾ ਵੀ ਹਾਜ਼ਰ ਸਨ।