ਸੁਖਵਿੰਦਰ/ਰਾਹੂਲ ਸ਼ਰਮਾ, ਫਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਪ੍ਰਰੋਗਰਾਮ ਫਾਜ਼ਿਲਕਾ ਦੇ ਐੱਮਆਰ ਕਾਲਜ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਐੱਸਡੀਐੱਮ ਫਾਜ਼ਿਲਕਾ ਸੁਭਾਸ਼ ਖੱਟਕ ਨੇ ਸਟੇਡੀਅਮ ਵਿਖੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਮਾਂ ਰਹਿੰਦੇ ਸਮੁੱਚੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ 27 ਤੋਂ 29 ਜਨਵਰੀ 2020 ਤਕ ਹੋਣ ਵਾਲੇ ਲਾਈਟ ਐਂਡ ਸਾਊਂਡ ਪ੍ਰਰੋਗਰਾਮ 'ਚ ਦਾਖਲਾ ਬਿਲਕੁਲ ਮੁਫ਼ਤ ਹੋਵੇਗਾ। ਉਨ੍ਹਾਂ ਕਿਹਾ ਕਿ ਤਿੰਨੋਂ ਦਿਨ ਸਵੇਰੇ 7 ਤੋਂ ਸ਼ਾਮ 5 ਵਜੇ ਤਕ ਡਿਜੀਟਲ ਮਿਊਜ਼ੀਅਮ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ। ਇਸ ਤੋਂ ਬਿਨ੍ਹਾਂ ਮਿਤੀ 28 ਅਤੇ 29 ਜਨਵਰੀ 2020 ਨੂੰ ਦੋਨੋਂ ਦਿਨ ਸ਼ਾਮ ਨੂੰ 6 ਅਤੇ 7 ਵਜੇ ਲਾਈਟ ਐਂਡ ਸਾਊਂਡ ਪ੍ਰਰੋਗਰਾਮ ਐੱਮਆਰ ਕਾਲਜ ਦੇ ਖੇਡ ਸਟੇਡੀਅਮ ਵਿਖੇ ਹੀ ਹੋਵੇਗਾ।

ਐੱਸਡੀਐੱਮ ਖੱਟਕ ਨੇ ਦੱਸਿਆ ਕਿ ਇਸ ਪ੍ਰਰੋਗਰਾਮ 'ਚ ਮਲਟੀ ਮੀਡੀਆ ਤਕਨੀਕਾਂ ਨਾਲ ਗੁਰੂ ਜੀ ਦੇ ਜੀਵਨ, ਸਿੱਖਿਆਵਾਂ ਨੂੰ ਰੂਪਮਾਨ ਕੀਤਾ ਗਿਆ ਹੈ। ਇਹ ਸਾਡੀ ਨਵੀਂ ਪੀੜ੍ਹੀ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗਾ। ਉਨਾਂ ਦੱਸਿਆ ਕਿ ਲਾਈਟ ਐਂਡ ਸਾਊਂਡ ਪ੍ਰਰੋਗਰਾਮ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੇ ਵੱਖ ਵੱਖ ਪ੍ਰਸੰਗ ਰੂਪਮਾਨ ਕੀਤਾ ਗਏ ਹਨ। ਉਨ੍ਹਾਂ ਫਾਜ਼ਿਲਕਾ ਵਾਸੀਆਂ ਨੂੰ ਡਿਜੀਟਲ ਮਿਊਜੀਅਮ ਅਤੇ ਲਾਈਟ ਐਂਡ ਸਾਊਂਡ ਪ੍ਰਰੋਗਰਾਮ ਵੇਖਣ ਲਈ ਹੁੰਮਹੁੰਮਾ ਕੇ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਲਈ ਇਹ ਪ੍ਰਰੋਗਰਾਮ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਐਸ.ਪੀ. ਕੁਲਦੀਪ ਸ਼ਰਮਾ, ਤਹਿਸੀਲਦਾਰ ਫ਼ਾਜ਼ਿਲਕਾ ਡੀ.ਪੀ. ਪਾਂਡੇ, ਤਹਿਸੀਲ ਭਲਾਈ ਅਫ਼ਸਰ ਅਸ਼ੋਕ ਕੁਮਾਰ, ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਗੁਰਫਤਿਹ ਸਿੰਘ ਆਦਿ ਵੀ ਹਾਜਰ ਸਨ।