ਪੱਤਰ ਪ੍ਰਰੇਰਕ, ਕੋਟਕਪੂਰਾ : ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਚੱਲ ਰਹੇ ਵਿਧਾਨ ਸਭਾ ਇਜਲਾਸ ਦੌਰਾਨ ਪਾਣੀਆਂ ਦੇ ਮਸਲੇ 'ਤੇ ਹੋਈ ਬਹਿਸ ਦੌਰਾਨ ਹਿੱਸਾ ਲੈਂਦਿਆਂ ਕਿਹਾ ਕਿ ਬੜ੍ਹੇ ਦੁੱਖ ਦੀ ਗੱਲ ਹੈ ਕਿ ਪੰਜਾਬ ਜੋ ਪੰਜ ਪਾਣੀਆਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਹੈ ਅੱਜ ਬਹੁਤ ਹੀ ਮਾੜ੍ਹੇ ਹਾਲਾਤਾਂ 'ਚੋਂ ਲੰਘ ਰਿਹਾ ਹੈ ਜੇਕਰ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਬਚਾਉਣ ਲਈ ਧਿਆਨ ਨਾ ਦਿੱਤਾ ਤਾਂ ਪੰਜਾਬ ਦੀ ਜਰਖੇਜ਼ ਧਰਤੀ ਨੂੰ ਮਾਰੂਥਲ ਤੇ ਬੰਜਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁੱਲ ਬਲਾਕਾਂ 'ਚੋਂ 116 ਨੂੰ 'ਡਾਰਕ ਜ਼ੋਨ' ਐਲਾਨ ਕੀਤਾ ਗਿਆ ਹੈ ਜਿੱਥੇ ਪਾਣੀ ਦਾ ਪੱਧਰ ਖਤਰਨਾਕ ਹੱਦ ਤਕ ਥੱਲੇ ਚਲਾ ਗਿਆ ਹੈ, ਸਰਦਾਰ ਸੰਧਵਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਬਿਲਕੁੱਲ ਵੀ ਨਹੀਂ ਹੈ, ਜਦ ਪੰਜਾਬ ਦੇ ਜ਼ਿਆਦਾਤਰ ਬਲਾਕਾਂ 'ਚ ਹਾਲਾਤ ਪਹਿਲਾਂ ਹੀ ਚਿੰਤਾਜਨਕ ਹੋਣ ਤਾਂ ਕਿਸੇ ਹੋਰ ਸੂਬੇ ਨੂੰ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਸ ਸੰਕਟ 'ਚੋਂ ਨਿਕਲਣ ਲਈ ਸਰਕਾਰ ਵੱਧ ਤੋਂ ਵੱਧ ਨਹਿਰੀ ਪਾਣੀ ਕਿਸਾਨਾਂ ਨੂੰ ਮੁਹੱਈਆ ਕਰਵਾਏ ਤਾਂ ਕਿ ਜ਼ਮੀਨ 'ਚੋਂ ਪਾਣੀ ਨਿਕਲਣ ਦੀ ਦਰ ਘਟਾਈ ਜਾ ਸਕੇ, ਇਸ ਦੇ ਨਾਲ ਹੀ ਕੱਸੀਆਂ, ਰਜਬਾਹਿਆਂ ਤੇ ਖਾਲਾ ਦੀ ਤਰਸਯੋਗ ਹਾਲਾਤ ਨੂੰ ਵੀ ਸੁਧਾਰਿਆ ਜਾਣਾ ਚਾਹੀਦਾ ਹੈ। ਸਰਦਾਰ ਸੰਧਵਾਂ ਨੇ ਨਾਲ ਹੀ ਉਦਯੋਗਿਕ ਘਰਾਣਿਆਂ ਵੱਲੋਂ ਜ਼ਹਿਰੀਲਾ ਪਾਣੀ ਦਰਿਆਵਾਂ, ਨਹਿਰਾਂ ਤੇ ਜ਼ਮੀਨਦੋਸ਼ ਬੋਰਾਂ ਰਾਹੀਂ ਧਰਤੀ 'ਚ ਪਾਉਣ ਤੋਂ ਅਸਫਲ ਰਹਿਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ 'ਤੇ ਸ਼ਿੰਕਜਾ ਕਸਣ ਦੀ ਗੱਲ ਵੀ ਕਹੀ। ਉਨ੍ਹਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਆਪੋ-ਆਪਣੇ ਹਿੱਤਾਂ ਤੋਂ ਉਪਰ ਉਠ ਕੇ ਇਸ ਸਮੱਸਿਆ ਦੇ ਹੱਲ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ।

27ਐਫਡੀਕੇ115:-ਵਿਧਾਇਕ ਕੁਲਤਾਰ ਸਿੰਘ ਦੀ ਤਸਵੀਰ।