ਹਰਪ੍ਰੀਤ ਸਿੰਘ ਚਾਨਾ, ਫਰੀਦਕੋਟ : ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਰਗਾੜੀ ਬੇਅਦਬੀ ਮਾਮਲੇ ’ਚੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਂ ਕੱਢਣ ਦੇ ਉਠਾਏ ਗਏ ਮੁੱਦੇ ਨੂੰ ਲੈ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਮੁਖੀ ਆਈਜੀ ਐੱਸਪੀਐੱਸ ਪਰਮਾਰ ਅਤੇ ਏਆਈਜੀ ਰਾਜਿੰਦਰ ਸਿੰਘ ਸੌਹਲ ਨੇ ਸਪੱਸ਼ਟ ਕੀਤਾ ਹੈ ਕਿ ਉਕਤ ਮਾਮਲੇ 'ਚ ਕਿਸੇ ਵੀ ਦੋਸ਼ੀ ਦਾ ਨਾਂ ਕੱਢੇ ਜਾਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ, ਚਾਹੇ ਉਹ ਕੋਈ ਵੀ ਹੋਵੇ। ਉਨ੍ਹਾਂ ਕਿਹਾ ਕਿ ਇਹ ਜਾਂਚ ਅਜੇ ਜਾਰੀ ਹੈ ਅਤੇ ਇਸ ਕੇਸ ਵਿਚ ‘ਸਿੱਟ’ ਵੱਲੋਂ ਹਾਲ ਦੀ ਘੜੀ ਪਹਿਲਾ ਚਲਾਨ ਸਿਰਫ 6 ਮੁਲਜ਼ਮਾਂ, ਜਿਨ੍ਹਾਂ ਨੂੰ ਗਿ੍ਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਖਿਲਾਫ ਹੀ ਦਾਇਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਮੁੱਖ ਮੁਲਜ਼ਮ ਤਿੰਨ ਡੇਰਾ ਪ੍ਰੇਮੀ ਕ੍ਰਮਵਾਰ ਸੰਦੀਪ ਬਰੇਟਾ, ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਅਜੇ ਭਗੌੜੇ ਹਨ, ਜਿੰਨ੍ਹਾਂ ਦੀ ਗਿ੍ਫਤਾਰੀ ਤੋਂ ਬਾਅਦ ਇਹ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਉਨ੍ਹਾਂ ਇਹ ਜੁਰਮ ਕਿਸ ਦੇ ਇਸ਼ਾਰੇ ਅਤੇ ਕਿਸ ਦੀ ਮਿਲੀਭੁਗਤ ਨਾਲ ਕੀਤਾ, ਜਿਨ੍ਹਾਂ ਦੀ ਗਿ੍ਫਤਾਰੀ ਲਈ ਵੱਡੇ ਪੱਧਰ ’ਤੇ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਪਹਿਲਾ ਚਲਾਨ ਐਫਆਈਆਰ ਨੰਬਰ 128 ਵਿਚ ਪੇਸ਼ ਕੀਤਾ ਗਿਆ ਹੈ, ਕਿਉਂਕਿ ਗਿ੍ਫਤਾਰ ਕੀਤੇ ਗਏ 6 ਮੁਲਜਮਾਂ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਪ੍ਰਦੀਪ ਦੀ ਗਿ੍ਫਤਾਰੀ ਦੇ 60 ਦਿਨ ਦੇ ਅੰਦਰ-ਅੰਦਰ ਇਹ ਕਾਰਵਾਈ ਅਮਲ ਵਿਚ ਲਿਆਉਣੀ ਜ਼ਰੂਰੀ ਸੀ। ਉਨਾਂ ਸਪੱਸ਼ਟ ਕੀਤਾ ਕਿ ਜਾਂਚ ਦੌਰਾਨ ਜਿਸ-ਜਿਸ ਦਾ ਨਾ ਆਵੇਗਾ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਯਕੀਨਨ ਹੋਵੇਗੀ ਅਤੇ ਕਿਸੇ ਵੀ ਮੁਲਜਮ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਢੁਕਵੇ ਸਮੇ ’ਤੇ ਇਸ ਕੇਸ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਬੇਅਦਬੀ ਮਾਮਲਿਆਂ ਨਾਲ ਸਬੰਧ ਕੇਸਾਂ ਦੀ ਜਾਂਚ ਅਜੇ ਜਾਰੀ ਹੈ ਅਤੇ ਮੁਕੱਦਮਾ ਨੰਬਰ 128 ’ਚ ਪੇਸ਼ ਕੀਤਾ ਗਿਆ ਚਲਾਨ ਇਕ ਜਨਤਕ ਦਸਤਾਵੇਜ ਹੈ, ਇਸ ਲਈ ਉਨ੍ਹਾਂ ਦੀ ਅਪੀਲ ਹੈ ਕਿ ਇਸਨੂੰ ਪੜ੍ਹੇ ਅਤੇ ਘੋਖੇ ਬਿਨਾਂ ਇਸਦੇ ਸਟੇਟਸ ਬਾਰੇ ਕੋਈ ਟਿੱਪਣੀ ਜਾਂ ਰਿਪੋਰਟ ਨਹੀਂ ਕਰਨੀ ਚਾਹੀਦੀ ਅਤੇ ਇਸਨੂੰ ਇੱਕ ਜੁਡੀਸ਼ੀਅਲ ਟਰਾਇਲ ਅਤੇ ਇਸੇ ਹੀ ਭਾਵਨਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ‘ਸਿੱਟ’ ਵੱਲੋਂ ਜਾਰੀ ਇਸ ਨਿਰਪੱਖ ਜਾਂਚ ’ਚ ਕਿਸੇ ਦੀ ਦਖਲਅੰਦਾਜੀ ਨਹੀਂ ਹੋਣੀ ਚਾਹੀਦੀ। ਉਹਨਾਂ ਇਸ ਮਾਮਲੇ ’ਚ ਗ਼ਲਤ ਅਫ਼ਵਾਹਾਂ ਫੈਲਾਉਣ ਤੋਂ ਵੀ ਗੁਰੇਜ਼ ਕਰਨ ਦੀ ਅਪੀਲ ਕੀਤੀ।

Posted By: Ravneet Kaur