ਹਰਪ੍ਰੀਤ ਸਿੰਘ ਚਾਨਾ, ਫਰੀਦਕੋਟ : ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਨਿਯੁਕਤ ਕੀਤੀ ਗਈ ਐਸਆਈਟੀ ਵੱਲੋਂ ਸਥਾਨਕ ਬੱਤੀਆਂ ਵਾਲਾ ਚੌਕ ਵਿਖੇ ਏਡੀਜੀਪੀ ਐਲੱਕੇ ਯਾਦਵ ਦੀ ਅਗਵਾਈ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਲੁਧਿਆਣਾ ਦੇ ਕਮਿਸ਼ਨਰ ਰਾਕੇਸ਼ ਅਗਰਵਾਲ, ਡੀਆਈਜੀ ਸੁਰਜੀਤ ਸਿੰਘ ਹਾਜ਼ਰ ਸਨ। ਉਨ੍ਹਾਂ ਚੌਕ ਦੇ ਨੇੜੇ-ਤੇੜੇ ਇਕੱਠੇ ਹੋਏ ਲੋਕਾਂ ਤੋਂ ਵਾਪਰੇ ਗੋਲੀਕਾਂਡ ਬਾਰੇ ਪੁੱਛਗਿੱਛ ਕੀਤੀ ਹੈ। ਐਸਆਈਟੀ ਦੇ ਅਧਿਕਾਰੀਆਂ ਵੱਲੋਂ ਅਜੇ ਤਕ ਪ੍ਰੈਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਾਬਕਾ ਆਈਜੀ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐੱਸਆਈਟੀ ਰੱਦ ਕਰ ਦੇਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਏਡੀਜੀਪੀ ਐੱਲ ਕੇ ਯਾਦਵ ਦੀ ਅਗਵਾਈ ਵਾਲੀ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ। 14 ਅਕਤੂਬਰ 2015 ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਵਾਪਰੇ ਗੋਲੀਕਾਂਡ ਦੀ ਜਾਂਚ ਲਈ ਗਠਤ ਕੀਤੀ ਗਈ ਉਕਤ ਟੀਮ ਅੱਜ ਪਹਿਲੇ ਦਿਨ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਪੁੱਜੀ, ਜਿੱਥੇ ਉਹ 1 ਘੰਟੇ ਤੋਂ ਵੀ ਜ਼ਿਆਦਾ ਸਮਾਂ ਮੌਜੂਦ ਰਹੀ ਪਰ ਪ੍ਰੈਸ ਤੋਂ ਦੂਰੀ ਬਣਾਈ ਰੱਖੀ। ਉਨ੍ਹਾਂ ਚੌਕ ਤੋਂ ਥੋੜ੍ਹੀ ਦੂਰ ਜਾ ਕੇ ਕੁਝ ਦੁਕਾਨਦਾਰਾਂ ਤੇ ਰਾਹਗੀਰਾਂ ਨਾਲ ਗੱਲਬਾਤ ਵੀ ਕੀਤੀ। ਉਕਤ ਟੀਮ ਦਾ ਸੁਰੱਖਿਆ ਘੇਰਾ ਐਨਾ ਮਜ਼ਬੂਤ ਸੀ ਕਿ ਕਿਸੇ ਨੂੰ ਬਿਨਾਂ ਇਜਾਜ਼ਤ ਨੇੜਿਓਂ ਲੰਘਣ ਤਕ ਨਾ ਦਿੱਤਾ ਗਿਆ।

Posted By: Amita Verma