ਹਰਪ੍ਰੀਤ ਚਾਨਾ, ਫ਼ਰੀਦਕੋਟ : ਕੋਟਕਪੂਰਾ ਗੋਲੀ ਕਾਂਡ ਮਾਮਲੇ ਦੇ ਮੁਲਜਮ ਪਰਮਰਾਜ ਉਮਰਾਨੰਗਲ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹ ਪਰਮਰਾਜ ਉਮਰਾਨੰਗਲ ਅਤੇ ਉਸਦੇ ਪਰਿਵਾਰ ਨੂੰ ਸੁਰੱਖਿਆ ਮੁਹਾਈਆ ਕਰਵਾਏ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਹ ਖਦਸ਼ਾ ਜਤਾਇਆ ਗਿਆ ਹੈ ਕਿ ਪਰਮਾਰਾਜ ਉਮਰਾਨੰਗਲ ਅਤੇ ਉਸਦੇ ਪਰਿਵਾਰ ਨੂੰ ਸਿੱਖ ਕੱਟੜਪੰਥੀਆਂ ਤੋਂ ਖਤਰਾ ਹੋ ਸਕਦਾ ਹੈ ਅਤੇ ਇਸੇ ਖਤਰੇ ਨੂੰ ਭਾਪਦਿਆਂ ਹੀ ਪੰਜਾਬ ਸਰਕਾਰ ਨੂੰ ਉਕਤ ਆਦੇਸ਼ ਜਾਰੀ ਕੀਤੇ ਗਏ ਹਨ। ਪਰਮਰਾਜ ਸਿੰਘ ਉਮਰਾਨੰਗਲ ਦੇ ਸੀਨੀਅਰ ਵਕੀਲ ਗੁਰਜੀਤ ਸਿੰਘ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਸਾਹਮਣੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਅਪੀਲ ਕੀਤੀ ਗਈ ਸੀ ਅਤੇ ਇਸੇ ਅਪੀਲ ਦੀ ਸੁਣਵਾਈ ਤੇ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਸੁਰੱਖਿਆ ਏਜੰਸੀਆਂ ਤੋਂ ਮੰਗ ਕੀਤੀ ਗਈ ਸੀ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਉਮਰਾਨੰਗਲ ਅਤੇ ਉਸਦੇ ਪਰਿਵਾਰ ਨੂੰ ਪੰਜਾਬ ਚ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪਰਮਰਾਜ ਉਮਰਾਨੰਗਲ ਦੇ ਖਿਲਾਫ਼ ਕੀ ਹੈ ਮਾਮਲਾ?

ਗੋਲੀਕਾਂਡ ਮਾਮਲਿਆਂ ਬਾਰੇ ਪੜਤਾਲ ਕਰ ਰਹੀ ਸਿੱਟ ਵੱਲੋਂ ਪਿਛਲੇ ਸਾਲ ਅਕਤੂਬਰ ਵਿੱਚ ਉਮਰਾਨੰਗਲ ਨੂੰ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਨਾਮਜਦ ਕੀਤਾ ਸੀ। ਇਸ ਕੇਸ ਵਿੱਚ ਪੰਜਾਬ ਪੁਲਿਸ ਦੇ ਤਿੰਨ ਉੱਚ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਏ ਸਨ ਜਿੰਨਾਂ ਵਿੱਚ ਸਾਬਕਾ ਡੀ ਜੀ ਪੀ ਸੁਮੇਧ ਸੈਣੀ, ਪਰਮਰਾਜ ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੇ ਨਾਮ ਸ਼ਾਮਿਲ ਸਨ ਅਤੇ ਇਹ ਤਿੰਨੋਂ ਇਸ ਕੇਸ ਵਿੱਚ ਮੁੱਖ ਮੁਲਜਮ ਦਰਸਾਏ ਗਏ ਸਨ ਅਤੇ ਜਿਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਲਗਾਤਾਰ ਮੰਗ ਕਰ ਰਹੀਆਂ ਸਨ।

Posted By: Seema Anand