ਸਤੀਸ਼ ਕੁਮਾਰ, ਫਰੀਦਕੋਟ

ਕੋਟਕਪੂਰਾ ਰੋਡ 'ਤੇ ਸਥਿਤ ਜੌੜੀਆਂ ਨਹਿਰਾਂ 'ਚ ਸਨਅਤਾਂ ਦਾ ਜ਼ਹਿਰੀਲਾ ਪਾਣੀ ਰਲਣ ਤੋਂ ਖਫਾ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਹੈ। ਸ਼ਹਿਰ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਇਨ੍ਹਾਂ ਸਨਅਤਾਂ ਦੀ ਹਮਾਇਤ ਕਰਨ ਵਾਲੇ ਸਿਆਸੀ ਆਗੂਆਂ ਦਾ ਚੋਣਾਂ ਦੌਰਾਨ ਵਿਰੋਧ ਕੀਤਾ ਜਾਵੇਗਾ। ਵਾਤਾਵਰਨ ਪ੍ਰਰੇਮੀ ਗੁਰਪ੍ਰਰੀਤ ਸਿੰਘ ਚੰਦਬਾਜਾ, ਮੱਘਰ ਸਿੰਘ ਖਾਲਸਾ, ਸੁਰਿੰਦਰ ਮਚਾਕੀ, ਮਾਸਟਰ ਮੱਖਣ ਸਿੰਘ ਤੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਰਾਜਸਥਾਨ ਤੇ ਸਰਹਿੰਦ ਫੀਡਰ ਦਾ ਦੌਰਾ ਕਰਨ ਮਗਰੋਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਤੇ ਵਾਤਾਵਰਨ ਵਿਭਾਗ ਦੀ ਕਥਿਤ ਲਾਪ੍ਰਵਾਹੀ ਕਾਰਨ ਦਰਿਆਵਾਂ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ। ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਪ੍ਰਦੂਸ਼ਿਤ ਪਾਣੀ ਮਾਲਵਾ ਸਮੇਤ ਰਾਜਸਥਾਨ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੀ ਲਪੇਟ ਵਿੱਚ ਲੈ ਰਿਹਾ ਹੈ। ਗੁਰਪ੍ਰਰੀਤ ਸਿੰਘ ਚੰਦਬਾਜਾ ਤੇ ਮਨਪ੍ਰਰੀਤ ਸਿੰਘ ਧਾਲੀਵਾਲ ਨੇ ਫਰੀਦਕੋਟ ਨਹਿਰਾਂ 'ਤੇ ਆ ਕੇ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸ਼ਰਨਜੀਤ ਸਿੰਘ, ਪ੍ਰਰੀਤਮ ਸਿੰਘ ਭਾਣਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਮਸਲਾ ਪ੍ਰਦੂਸ਼ਣ ਕੰਟਰੋਲ ਬੋਰਡ, ਐੱਨਜੀਟੀ, ਕੇਂਦਰੀ ਜਲ ਸਰੋਤ ਮੰਤਰੀ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਮਾਲਵਾ ਪੱਟੀ ਅਤੇ ਰਾਜਸਥਾਨ ਵਿੱਚ ਨਹਿਰ ਦਾ ਪਾਣੀ ਵਰਤਣ ਵਾਲੇ ਲੱਖਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਜਾਰੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਜੌੜੀਆਂ ਨਹਿਰਾਂ ਵਿੱਚ ਸਨਅਤਾ ਦਾ ਕੈਮੀਕਲ ਰਲਣ ਕਰਕੇ ਪਾਣੀ ਵਿਚਲੇ ਲੱਖਾ ਜੀਵ ਮਰ ਗਏ ਸਨ ਪਰ ਇਸ ਸਭ ਦੇ ਬਾਵਜੂਦ ਰਸਾਇਣਿਕ ਕੈਮੀਕਲ ਨੂੰ ਨਹਿਰੀ ਪਾਣੀ ਵਿੱਚ ਰਲਣ ਤੋਂ ਨਹੀ ਰੋਕਿਆ ਗਿਆ ਜਿਸ ਕਰਕੇ ਹੁਣ ਫਿਰ ਜੌੜੀਆਂ ਨਹਿਰਾ ਦਾ ਪਾਣੀ ਕਾਲਾ ਤੇ ਗੰਦਲਾ ਹੋ ਚੁੱਕਿਆ ਹੈ। ਇਸੇ ਕਰਕੇ ਫਰੀਦਕੋਟੀਏ ਵਾਤਾਵਰਣ ਪ੍ਰਰੇਮੀਆਂ ਵੱਲੋਂ ਸਮੇਂ-ਸਮੇਂ 'ਤੇ ਵਿਧਾਇਕ, ਮੈਂਬਰ ਪਾਰਲੀਮੈਂਟ, ਮੰਤਰੀ ਤੇ ਮੁੱਖ ਮੰਤਰੀ ਸਮੇਤ ਕੇਂਦਰੀ ਮੰਤਰੀਆਂ ਤੱਕ ਮੰਗ ਪੱਤਰ ਸੌਪ ਕੇ ਸਨਅਤਾਂ ਦੇ ਮਾਲਕਾ ਖਿਲਾਫ ਯੋਗ ਕਾਰਵਾਈ ਕਰਨ ਅਤੇ ਪਾਣੀ ਦੀ ਸੁੱਧਤਾ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੇ ਜਾਣ ਦੇ ਬਾਵਜੂਦ 'ਪ੍ਰਨਾਲਾ ਉੱਥੇ ਦਾ ਉੱਥੇ ਹੀ ਹੈ'। ਇਸ ਕਰਕੇ ਹੁਣ ਇਕਜੁੱਟ ਹੋਏ ਸਮਾਜਸੇਵੀਆਂ ਵੱਲੋਂ ਸਿਆਸੀ ਆਗੂਆਂ ਦਾ ਚੌਣਾ ਦੌਰਾਨ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਗੰਦਲੇ ਹੁੰਦੇ ਜਾ ਰਹੇ ਹਵਾ, ਪਾਣੀ ਨੂੰ ਬਚਾਇਆ ਜਾ ਸਕੇ।