ਡੀਸੀਐੱਮ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਗਮ ਵਿਲੱਖਣ ਤੇ ਮਨਮੋਹਕ ਯਾਦਾਂ ਨਾਲ ਸੰਪੰਨ
ਡੀ ਸੀ ਐੱਮ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਗਮ ਵਿਲੱਖਣ ਤੇ ਮਨਮੋਹਿਕ ਯਾਦਾਂ ਨਾਲ ਸੰਪੰਨ ਹੋਇਆ
Publish Date: Tue, 02 Dec 2025 04:22 PM (IST)
Updated Date: Tue, 02 Dec 2025 04:23 PM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ: ਇਲਾਕੇ ਦੀ ਮੋਹਰੀ ਵਿਦਿਅਕ ਸੰਸਥਾ ਡੀ ਸੀ ਐੱਮ ਇੰਟਰਨੈਸ਼ਨਲ ਸਕੂਲ ਵੱਲੋਂ ਆਪਣਾ ਸਾਲਾਨਾ ਸਮਾਗਮ ਕਲਾ ਕੁੰਭ-2 ਦੇ ਸਿਰਲੇਖ ਅਧੀਨ ਸਕੂਲ ਵਿਖੇ ਇੱਕ ਵਿਸ਼ਾਲ ਸਮਾਗਮ ਦੇ ਰੂਪ ਵਿੱਚ ਮਨਾਇਆ ਗਿਆ। ਇਸ ਸਮਾਗਮ ਵਿੱਚ ਨਰਸਰੀ ਤੋਂ ਅੱਠਵੀਂ ਸ਼੍ਰੇਣੀ ਜੂਨੀਅਰ ਵਰਗ ਦੇ ਲੱਗ-ਭੱਗ ਗਿਆਰਾਂ ਸੌ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਮਿਹਨਤ ਤੇ ਕਲਾਕਾਰੀ ਦਾ ਪ੍ਰਤੱਖ ਪ੍ਰਗਟਾਵਾ ਕੀਤਾ। ਸਮਾਗਮ ਦੀ ਆਰੰਭਤਾ ਜਯੋਤੀ ਪ੍ਰਜਲਵਤ ਤੋਂ ਆਰੰਭ ਹੋ ਕੇ ਚਾਰ ਘੰਟੇ ਦੇ ਲਗਾਤਾਰ ਸਫਰ ਉਪਰੰਤ ਗਿੱਧੇ ਤੇ ਭੰਗੜੇ ਤੱਕ ਪੁੱਜੀ। ਇਸ ਪ੍ਰੋਗਰਾਮ ਵਿੱਚ ਬੱਚਿਆਂ ਦੀ ਲਗਾਤਾਰ ਮਿਹਨਤ, ਅਭਿਆਸ ਤੇ ਦ੍ਰਿੜਤਾ ਨੂੰ ਦੇਖਕੇ ਹਰ ਸਰੋਤੇ ਦੇ ਮੂੰਹੋ ਵਾਹ-ਵਾਹ ਨਿਕਲਦੀ ਰਹੀ। ਇਸ ਪ੍ਰੋਗਰਾਮ ਦੀ ਵਿਲੱਖਤਾ ਸੀ ਕਿ ਰਵਾਇਤੀ ਐਂਕਰਿੰਗ ਦੀ ਪ੍ਰਵਿਰਤੀ ਛੱਡ ਕੇ ਕਾਲਪਨਿਕ ਚਰਿਤਰ ਅਲਾਦੀਨ, ਜੀਨੀ ਅਤੇ ਜੈਸਮੀਨ ਤੇ ਉਸ ਦੇ ਸਹਿਯੋਗੀਆਂ ਤੇ ਆਧਾਰਿਤ ਪੇਸ਼ਕਾਰੀ ਕੀਤੀ ਗਈ। 26 ਆਈਟਮਾਂ ਤੇ ਆਧਾਰਤ ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਭੂ ਸਿਮਰਨ ਤੋਂ ਆਰੰਭ ਹੋ ਕੇ ਸਕੂਲ ਸੋਂਗ, ਸਵਾਗਤੀ ਗੀਤ ਉਪਰੰਤ ਪ੍ਰਿੰਸੀਪਲ ਮੈਡਮ ਮੀਨਾਕਸ਼ੀ ਸ਼ਰਮਾ ਵੱਲੋਂ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਸਰੋਤਿਆਂ ਦੇ ਸਾਹਮਣੇ ਰੱਖੀ। ਉਹਨਾਂ ਆਪਣੇ ਸੰਬੋਧਨ ਵਿੱਚ ਸਕੂਲ ਦੀਆਂ ਪਿਛਲੇ ਸਾਲ ਦੀਆਂ ਅਕਾਦਮਿਕ ਪ੍ਰਾਪਤੀਆਂ ਭਾਵ ਦਸਵੀਂ ਬਾਰਵੀਂ ਸ਼੍ਰੇਣੀ ਵਿੱਚ ਉੱਚਤਰ ਸਥਾਨ ਰੱਖਣ ਵਾਲੇ ਵਿਦਿਆਰਥੀਆਂ ਦੀ ਜਾਣਕਾਰੀ, ਖੇਡਾਂ ਦੇ ਖੇਤਰ ਵਿੱਚ ਰਾਜ ਪੱਧਰ, ਜਿਲ੍ਹਾ ਪੱਧਰ ਤੇ ਅਤੇ ਬਲਾਕ ਪੱਧਰ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ। ਉਹਨਾਂ ਕਿਹਾ ਕਿ ਸਕੂਲ ਵੱਲੋਂ ਰਾਸ਼ਟਰੀ, ਅੰਤਰਰਾਸ਼ਟਰੀ ਤੇ ਧਾਰਮਿਕ ਮਹੱਤਵਪੂਰਨ ਦਿਨਾਂ ਨੂੰ ਸਕੂਲ ਪੱਧਰ ਤੇ ਉਚੇਚੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸੱਭਿਆਚਾਰਕ ਗਤੀਵਿਧੀਆਂ ਦਾ ਆਰੰਭ 28 ਵਿਦਿਆਰਥੀਆਂ ਤੇ ਆਧਾਰਤ ਕਲਾਤਮਿਕ ਨ੍ਰਿਤ ਅੱਠਵੀਂ ਸ਼੍ਰੇਣੀ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤਾ ਗਿਆ। ਲਾਰਡ ਬੁੱਧਾ ਦੀਆਂ ਸਿੱਖਿਆਵਾਂ ਤੇ ਆਧਾਰਤ ਇਕ ਸਕਿੱਟ ਪੇਸ਼ ਕੀਤੀ ਗਈ। ਛੇਵੀਂ ਸ਼੍ਰੇਣੀ ਨਾਲ ਸਬੰਧਤ 35 ਵਿਦਿਆਰਥਣਾਂ ਵੱਲੋਂ ਸੂਫੀ ਸੰਗੀਤ ਗੀਤ ਦੇ ਰੂਪ ਵਿੱਚ ਮਨਮੋਹਨੇ ਢੰਗ ਨਾਲ ਪੇਸ਼ ਕੀਤਾ। ਅਤੁੱਲ ਭਾਰਤ ਦੀ ਯਾਦ ਦਿਵਾਉਂਦਾ ਇੱਕ ਗੀਤ ਡਾਂਡੀਆ ਅਤੇ ਹੋਰ ਸੂਬਿਆਂ ਦਾ ਸੰਗੀਤ ਪੇਸ਼ ਕੀਤਾ ਗਿਆ। ਜਾਨਵਰਾਂ ਪ੍ਰਤੀ ਉਦਾਰ ਵਤੀਰਾ ਰੱਖਣ ਤੇ ਉਹਨਾਂ ਨੂੰ ਤਸ਼ੱਦਦ ਤੋਂ ਬਚਾਉਣ ਲਈ ਇੱਕ ਸ਼ਾਨਦਾਰ ਪੇਸ਼ਕਾਰੀ ਪ੍ਰੈਪ-2 ਦੇ 47 ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ। ਤੀਸਰੀ ਸ਼੍ਰੇਣੀ ਦੇ 34 ਵਿਦਿਆਰਥੀਆਂ ਨੇ ਕਬਾਇਲੀ ਨਿੱਤ ਪੇਸ਼ ਕੀਤਾ। ਪ੍ਰੈਪ-2 ਦੇ ਵਿਦਿਆਰਥੀਆਂ ਵੱਲੋਂ ‘ਨਾਚ ਮੇਰੀ ਜਾਨ, ਹਰ ਦਿਨ ਐਸੇ ਜਿਓ’ ਗਰੁੱਪ ਡਾਂਸ ਪੇਸ਼ ਕੀਤਾ ਗਿਆ। ਨਰਸਰੀ-ਪ੍ਰੀ ਨਰਸਰੀ ਦੇ 100 ਵਿਦਿਆਰਥੀਆਂ ਤੇ ਆਧਾਰਿਤ ਸੰਗੀਤਕ ਨ੍ਰਿਤ ਪੇਸ਼ ਕੀਤਾ ਗਿਆ। ਚੋਥੀ ਸ਼੍ਰੇਣੀ ਦੇ 77 ਵਿਦਿਆਰਥੀਆਂ ਵੱਲੋਂ ਰੋਬੋਟਿਕ ਡਾਂਸ ਪੇਸ਼ ਕੀਤਾ ਗਿਆ। ਪ੍ਰੈਪ-1 ਦੇ ਵਿਦਿਆਰਥੀਆਂ ਵੱਲੋਂ ਇਕ ਬਾਲੀਵੁੱਡ ਗੀਤ ਪੇਸ਼ ਕੀਤਾ ਗਿਆ। ਪ੍ਰੈਪ-1 ਦੇ ਹੀ 60 ਵਿਦਿਆਰਥੀਆਂ ਦੀ ਇਕ ਹੋਰ ਟੀਮ ਵੱਲੋਂ ਤਾਰੇ ਜਮੀਨ ਪਰ ਫਿਲਮ ਦਾ ਪ੍ਰਸਿੱਧ ਗੀਤ ਪੇਸ਼ ਕੀਤਾ ਗਿਆ। ਦੂਸਰੀ ਸ਼੍ਰੇਣੀ ਦੇ 77 ਬੱਚਿਆਂ ਦੀ ਟੀਮ ਤੇ ਆਧਾਰਤ ਇੱਕ ਜੌਕਰ ਆਈਟਮ ਪੇਸ਼ ਕੀਤੀ ਗਈ। ਪਹਿਲੀ ਸ਼੍ਰੇਣੀ ਦੇ 78 ਬੱਚਿਆਂ ਤੇ ਆਧਾਰਤ ਗਰੁੱਪ ਵੱਲੋਂ ਇੱਕ ਸਕਿੱਟ ਪੇਸ਼ ਕੀਤੀ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਤੇ ਆਧਾਰਤ ਇੱਕ ਸਕਿੱਟ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੀ ਇਕ ਹੋਰ ਪ੍ਰਾਪਤੀ ਪ੍ਰਸਿੱਧ ਗਾਇਕ ਦਿਲਜੀਤ ਦੁਸਾਂਝ ਦਾ ਇਕ ਗਾਣਾ ਪੇਸ਼ ਹੋਇਆ ਜਿਸ ਨੇ ਸਰੋਤਿਆੰ ਨੂੰ ਝੂਮਣ ਲਾ ਦਿੱਤਾ। ਪ੍ਰੋਗਰਾਮ ਦੀ ਸਭ ਤੋਂ ਸਲਾਹੁਣਯੋਗ ਪ੍ਰਾਪਤੀ ਲੜਕੀਆਂ ਦਾ ਗਿੱਧਾ ਤੇ ਲੜਕਿਆਂ ਦਾ ਭੰਗੜਾ ਰਿਹਾ ਜਿਸ ਨੇ ਆਪਣੀ ਵਿਲੱਖਣ ਛਾਪ ਸਰੋਤਿਆਂ ਦੇ ਦਿਲੋਂ ਦਿਮਾਗ ਤੇ ਛੱਡ ਦਿੱਤੀ। ਅੱਜ ਦੇ ਪ੍ਰੋਗਰਾਮ ਦੀ ਪ੍ਰਧਾਨਕੀ ਡਾਕਟਰ ਸਿਮਰਨਦੀਪ ਸਿੰਘ (ਕੈਂਸਰ ਸਪੈਸ਼ਲਿਸਟ) ਅਸਿਸਟੈਂਟ ਪ੍ਰੋਫੈਸਰ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵੱਲੋਂ ਕੀਤੀ ਗਈ। ਉਹਨਾਂ ਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਸਰਾਹਨਾ ਕੀਤੀ ਤੇ ਪੇਰੈਂਟਸ ਨੂੰ ਵਧਾਈ ਦਿੱਤੀ ਕਿ ਉਹ ਇਕ ਸ਼ਾਨਦਾਰ ਸਕੂਲ ਵਿਖੇ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਅੱਜ ਦੇ ਇਸ ਪ੍ਰੋਗਰਾਮ ਵਿੱਚ ਦੀ ਟ੍ਰਿਬਿਊਨ ਦੇ ਜਿਲ੍ਹਾ ਪ੍ਰਤੀਨਿਧ ਬਲਵੰਤ ਗਰਗ, ਇੰਜੀਨੀਅਰ ਰਾਜ ਕੁਮਾਰ ਅਗਰਵਾਲ, ਠੇਕੇਦਾਰ ਸ਼੍ਰੀ ਖਜਾਨਚੀ ਲਾਲ, ਉਦਯੋਗਪਤੀ ਰਾਮ ਚੰਦਰ, ਇੰਨਟੈਕ ਦੇ ਜਿਲ੍ਹਾ ਕੋਆਰਡੀਨੇਟਰ ਬਲਤੇਜ ਸਿੰਘ ਬਰਾੜ, ਸਕੂਲ ਦੇ ਪੁਰਾਣੇ ਵਿਦਿਆਰਥਈ ਡਾ ਅਨਮੋਲ ਨਾਰੰਗ, ਤੋਂ ਇਲਾਵਾ ਸਕੂਲ ਦੇ ਚੇਅਰਮੈਨ ਪਵਨ ਮਿੱਤਲ, ਸ੍ਰਪ੍ਰਸਤ ਅਸ਼ੋਕ ਚਾਵਲਾ ਦੇ ਨਾਲ ਨਾਲ ਸੁਕਰਾਤ ਮਿੱਤਲ, ਕਾਜਲ ਮਿੱਤਲ, ਇੰਜੀਨੀਅਰ ਦੀਪੂ ਸਿੰਗਲਾ ਮੋਗਾ ਤੋਂ ਇਲਾਵਾ ਬੱਚਿਆਂ ਦੇ ਮਾਤਾ ਪਿਤਾ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਅੱਜ ਦਾ ਇਹ ਸਮਾਗਮ ਲਗਾਤਾਰ ਚਾਰ ਘੰਟੇ ਸਰੋਤਿਆਂ ਨੂੰ ਆਨੰਦਿਤ ਕਰਦਾ ਰਿਹਾ ਤੇ ਇਕ ਵਿਲੱਖਣ ਯਾਦ ਛੱਡ ਗਿਆ। ਇਸ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਸਕੂਲ ਦੇ ਡਾਂਸ ਅਧਿਆਪਕ ਸ਼ਿਵ ਦਿਉੜਾ, ਪ੍ਰੇਮ ਕੁਮਾਰ, ਸੰਗੀਤ ਅਧਿਆਪਕ ਜਸਵਿੰਦਰ ਸਿੰਘ, ਨਟਵਰ ਸਿੰਘ, ਅਧਿਆਪਕ ਵਿਕਰਮਜੀਤ ਸਿੰਘ, ਗੁਰਸੁਖਵਿੰਦਰ ਸਿੰਘ, ਕੇਤਕੀ ਬਾਲੀ ਤੇ ਹਰ ਕਲਾਸ ਇੰਚਾਰਜ ਦੇ ਨਾਂ ਹੈ ਜਿਹਨਾਂ ਸੈਂਕੜੇ ਬੱਚਿਆਂ ਨੂੰ ਲਗਾਤਾਰ ਅਭਿਆਸ ਕਰਾਇਆ ਅਤੇ ਸਫਲ ਪ੍ਰੋਗਰਾਮ ਦੇ ਯੋਗ ਬਣਾਇਆ।