ਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ : ਅੰਮਿ੍ਤਸਰ-ਬਠਿੰਡਾ ਰਾਸ਼ਟਰੀ ਰਾਜ ਮਾਰਗ ਨੰਬਰ 54 'ਤੇ ਸਥਿਤ ਬਹਿਬਲ ਕਲਾਂ ਵਿਖੇ ਬਹਿਬਲ ਮੋਰਚੇ ਵੱਲੋਂ ਲਾਏ ਗਏ ਰੋਸ ਧਰਨੇ ਵਿਚ ਪੁੱਜੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੇ ਦੋਸ਼ਾਂ ਵਿਚ ਸ਼ਾਮਲ ਬਾਦਲ, ਸੁਮੇਧ ਸੈਣੀ ਅਤੇ ਡੇਰਾ ਮੁਖੀ ਸਮੇਤ ਜੇਕਰ ਸਾਰਿਆਂ ਨੂੰ ਕਾਨੂੰਨ ਅਨੁਸਾਰ ਬਣਦੀਆਂ ਸਜ਼ਾਵਾਂ ਨਾ ਦਿੱਤੀਆਂ ਗਈਆਂ ਅਤੇ ਪੀੜਤਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਇਸ ਦਾ ਖਮਿਆਜ਼ਾ ਲੋਕ ਕਚਹਿਰੀ ਵਿਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ 1 ਜੂਨ 2018 ਨੂੰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਲੱਗੇ ਮੋਰਚੇ ਦੌਰਾਨ ਬੇਅਦਬੀ ਮਾਮਲਿਆਂ ਦਾ ਇਨਸਾਫ਼ ਦੇ ਦਿੱਤਾ ਜਾਂਦਾ ਤਾਂ ਅੱਜ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਮੋਰਚਾ ਲਾਉਣ ਦੀ ਜ਼ਰੂਰਤ ਨਾ ਪੈਂਦੀ।

ਸੁਖਪਾਲ ਖਹਿਰਾ ਨੇ 'ਆਪ' ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਸਮੇਂ-ਸਮੇਂ ਪੁੱਜੇ ਵਫ਼ਦ ਨੇ 31 ਜਨਵਰੀ ਤੋਂ ਪਹਿਲਾਂ-ਪਹਿਲਾਂ ਕੋਟਕਪੂਰਾ ਗੋਲੀਕਾਂਡ ਦੀ ਚਲਾਨ ਰਿਪੋਰਟ ਅਦਾਲਤ ਵਿਚ ਪੇਸ਼ ਕਰਨ ਦਾ ਵਿਸ਼ਵਾਸ ਦਿਵਾਇਆ ਸੀ ਪਰ ਹੁਣ ਚਲਾਨ ਰਿਪੋਰਟ ਪੇਸ਼ ਨਾ ਕਰਨ ਦਾ ਆਖਰ ਕੀ ਕਾਰਨ ਹੈ। ਇਸ ਮੌਕੇ ਸੁਖਪਾਲ ਖਹਿਰਾ ਨੇ ਬਹਿਬਲ ਮੋਰਚੇ ਦਾ ਪੂਰਨ ਸਮਰਥਨ ਕਰਦਿਆਂ ਆਖਿਆ ਕਿ ਰਾਸ਼ਟਰੀ ਰਾਜ ਮਾਰਗ ਦੀ ਆਵਾਜਾਈ ਠੱਪ ਕਰਨ ਨਾਲ ਵਾਹਨ ਚਾਲਕਾਂ, ਰਾਹਗੀਰਾਂ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਜ਼ਰੂਰ ਆ ਰਹੀ ਹੈ ਪਰ ਜੇਕਰ ਇਨਸਾਫ਼ ਨਹੀਂ ਮਿਲਦਾ ਤਾਂ ਬਹਿਬਲ ਮੋਰਚੇ ਦੇ ਆਗੂਆਂ ਕੋਲ ਆਵਾਜਾਈ ਠੱਪ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਵੀ ਤਾਂ ਨਹੀਂ ਰਹਿ ਜਾਂਦਾ।