ਪੱਤਰ ਪ੍ਰਰੇਰਕ, ਫਰੀਦਕੋਟ : ਆਲ ਇੰਡੀਆ ਪੋਸਟਲ ਇੰਪਲਾਈਜ਼ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ 26 ਨੰਵਬਰ ਨੰੂ ਕੌਮੀ ਪੱਧਰ 'ਤੇ ਹੜਤਾਲ ਕੀਤੀ ਜਾਵੇਗੀ। ਇਸ ਸੰਬਧ ਵਿੱਚ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵਲੋਂ ਸਰਕਾਰ ਅੱਗੇ ਕਾਫੀ ਦੇਰ ਤੋਂ ਕੁਝ ਮੰਗਾਂ ਰੱਖੀਆਂ ਗਈਆਂ ਸਨ, ਜਿਨ੍ਹਾਂ ਨੰੂ ਸਰਕਾਰ ਅਤੇ ਵਿਭਾਗ ਨੇ ਹੁਣ ਤੱਕ ਅਣਗੌਲਿਆ ਕਰ ਰੱਖਿਆ ਹੈ। ਜਿਸ ਦੇ ਰੋਸ ਵਜੋਂ ਯੂਨੀਅਨ ਇਹ ਸੰਘਰਸ਼ ਆਰੰਭ ਕਰ ਰਹੀ ਹੈ। ਉਨ੍ਹਾ ਕਿਹਾ ਕਿ ਪੁਰਾਣੀ ਪੈਨਸ਼ਨ ਨੰੂ ਮੁੜ ਬਹਾਲ ਕਰਨਾ, ਬੰਦ ਕੀਤਾ ਗਿਆ ਮਹਿਗਾਈ ਭੱਤਾ ਮੁੜ ਚਾਲੂ ਕੀਤਾ ਜਾਵੇ, ਕੋਰੋਨਾ ਕਾਲ ਵਿੱਚ ਡਿਊਟੀ ਤੇ ਤੈਨਾਤ ਮੁਲਾਜਮਾਂ ਦੀ ਹੋਈ ਮੌਤ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੰੂ ਰਾਹਤ ਫੰਡ ਤੁਰੰਤ ਜਾਰੀ ਕੀਤਾ ਜਾਵੇ, ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੰੂ ਤੁਰੰਤ ਭਰਿਆ ਜਾਵੇ। ਡਿਊਟੀ ਦੌਰਾਨ ਕੋਰੋਨਾ ਪਾਜ਼ੇਟਿਵ ਆਏ ਮੁਲਾਜਮਾਂ ਨੰੂ ਵੀ ਫੰਡ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਉਕਤ ਮੰਗਾਂ ਨਾ ਮੰਨੀਆਂ ਤਾਂ ਉਹ ਆਰ ਪਾਰ ਦੀ ਲੜਾਈ ਲੜਨ ਲਈ ਰਣਨੀਤੀ ਤਿਆਰ ਕਰਨਗੇ। ਇਸ ਮੌਕੇ ਯੂਨੀਅਨ ਦੇ ਉਪ ਪ੍ਰਧਾਨ ਯਾਦਵਿੰਦਰ ਸਿੰਘ, ਸਹਾਇਕ ਸੱਕਤਰ ਹਰਬੰਸ ਸਿੰਘ ਅਤੇ ਯੂਨੀਅਨ ਦੇ ਹੋਰ ਵਰਕਰ ਹਾਜ਼ਰ ਸਨ।