ਤਰਸੇਮ ਚਾਨਣਾ, ਫਰੀਦਕੋਟ : ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈਏਐੱਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਸਵੈ-ਐਲਾਨ ਫਾਰਮ ਭਰੇ ਗਏ ਸਨ, ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਕਿਸਾਨਾਂ ਦੇ ਖਾਤਿਆਂ ਵਿਚ ਅਜੇ ਤਕ ਫੰਡਜ਼ ਆਉਣੇ ਸ਼ੁਰੂ ਨਹੀਂ ਹੋਏ। ਕਿਉਂਕਿ ਉਨ੍ਹਾਂ ਵੱਲੋਂ ਦੱਸੇ ਖਾਤਿਆਂ ਦੇ ਨੰਬਰ ਵਿੱਚ ਕੋਈ ਗਲਤੀ ਰਹਿ ਗਈ ਸੀ, ਅਜਿਹੇ ਕਿਸਾਨ ਇਕ ਸਾਦੇ ਕਾਗਜ ਤੇ ਖਾਤਾ ਨੰਬਰ ਦੁਰਸਤ ਕਰਨ ਦੀ ਅਰਜੀ ਆਪਣੇ ਪਿੰਡ ਦੀ ਮੁੱਢਲੀ ਸਹਿਕਾਰੀ ਖੇਤੀਬਾੜੀ ਸਭਾ ਦੇ ਸਕੱਤਰ ਜਾਂ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਵਿੱਚ ਜਮਾਂ ਕਰਵਾ ਸਕਦੇ ਹਨ, ਤਾਂ ਜ਼ੋ ਉਨ੍ਹਾਂ ਦੇ ਗਲਤ ਖਾਤਿਆਂ ਨੁੂੰ ਦੁਰਸਤ ਕੀਤਾ ਜਾ ਸਕੇ ਅਤੇ ਉਹ ਪੀ.ਐਮ. ਕਿਸਾਨ ਸਕੀਮ ਦਾ ਲਾਭ ਲੈ ਸਕਣ। ਕਿਸਾਨ ਆਪਣੀ ਅਰਜੀ ਦੇ ਨਾਲ ਇਕ ਐਪਲੀਕੇਸ਼ਨ ਸਟੇਟਸ, ਬੈਕਾਂ ਖਾਤੇ ਦੀ ਫੋਟੋ ਕਾਪੀ ਅਤੇ ਆਪਣੇ ਅਧਾਰ ਕਾਰਡ ਦੀ ਕਾਪੀ ਨੱਥੀ ਕਰਕੇ ਦੇਣ। ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਨੇਕ ਸਿੰਘ ਰੋਡੇ ਨੇ ਦੱਸਿਆ ਕਿ ਜਿਹੜੇ ਕਿਸਾਨ ਪੀਐਮ ਕਿਸਾਨ ਯੋਜਨਾ ਦਾ ਲਾਭ ਲੈਣ ਤੋ ਵਾਂਝੇ ਰਹਿ ਗਏ ਸਨ, ਉਹ ਆਪਣੇ ਨਵੇ ਫਾਰਮ ਭਰ ਕੇ ਆਪਣੇ ਨੇੜੇ ਦੀ ਮੁੱਢਲੀ ਸਹਿਕਾਰੀ ਖੇਤੀਬਾੜੀ ਸਭਾ ਦੇ ਸਕੱਤਰ ਪਾਸ 1 ਜੂਨ ਤਕ ਜਮਾਂ ਕਰਵਾ ਸਕਦੇ ਹਨ।