ਪੱਤਰ ਪੇ੍ਰਰਕ, ਫਰੀਦਕੋਟ : ਸਿਵਲ ਸਰਜਨ ਡਾ. ਨਰੇਸ਼ ਕੁਮਾਰ ਬਠਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ, ਪੀਐੱਚਸੀ ਜੰਡ ਸਾਹਿਬ ਡਾ. ਰਜੀਵ ਭੰਡਾਰੀ ਦੀ ਯੋਗ ਅਗਵਾਈ ਹੇਠ ਬਲਾਕ ਪੀਐੱਚਸੀ ਜੰਡ ਸਾਹਿਬ ਅਧੀਨ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਨੋਡਲ ਅਫਸਰ ਆਈਈਸੀ ਸਰਗਰਮੀਆਂ ਬੀਈਈ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਬਲਾਕ ਅਧੀਨ ਗਠਿਤ ਟੀਮਾਂ ਵੱਲੋਂ ਸ਼ੁੱਕਰਵਾਰ ਡਰਾਈ ਡੇਅ ਮਨਾਇਆ ਗਿਆ ਅਤੇ ਵੱਖ-ਵੱਖ ਪਿੰਡਾਂ ਵਿਚ ਆਮ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਵੱਖ-ਵੱਖ ਸਰਗਰਮੀਆਂ ਕਰਵਾਈਆਂ ਗਈਆਂ। ਡਾ. ਪ੍ਰਭਦੀਪ ਨੇ ਦੱਸਿਆ ਕਿ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਬਲਵਿੰਦਰ ਸਿੰਘ ਬਰਾੜ, ਗੁਰਮੀਤ ਸਿੰਘ ਸੇਖੋਂ ਅਤੇ ਬਰਿੰਦਰਪਾਲ ਸਿੰਘ ਵੱਲੋਂ ਆਪਣੇ-ਆਪਣੇ ਸੈਕਟਰ ਅਧੀਨ ਘਰ-ਘਰ ਡੇਂਗੂ-ਮਲੇਰੀਆ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਪਹੁੰਚਾਉਣ ਦਾ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਰਾਂ ਵਿਚ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖੀਏ, ਹਰ ਹਫਤੇ ਖਾਲੀ ਕਰ ਕੇ ਸੁਕਾਉਣਾ ਬਹੁਤ ਜ਼ਰੂਰੀ ਹੈ, ਘਰਾਂ ਦੀਆਂ ਛੱਤਾਂ 'ਤੇ ਪਏ ਪੁਰਾਣੇ ਟਾਇਰ-ਟੱਪੇ, ਕਬਾੜ ਆਦਿ ਨੂੰ ਕਵਰ ਹੇਠਾਂ ਰੱਖਣਾ ਚਾਹੀਦਾ ਹੈ।

ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਹੋਦੀਆਂ ਨੂੰ ਹਫਤੇ ਤੋਂ ਪਹਿਲਾਂ ਖਾਲੀ ਕਰ ਕੇ ਸਾਫ ਕਰਨਾ, ਕੂਲਰਾਂ ਨੂੰ ਵੀ ਹਫਤੇ ਤੋਂ ਪਹਿਲਾਂ ਖਾਲੀ ਕਰਕੇ ਸੁਕਾਉਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਫਰਿੱਜ਼ ਦੇ ਪਿਛਲੇ ਪਾਸੇ ਲੱਗੀ ਟਰੇਅ ਨੂੰ ਖਾਲੀ ਕਰ ਕੇ ਸੁਕਾਉਈਏ, ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਕਟੋਰੇ ਦੀ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੈ, ਬਚਾਅ ਲਈ ਖੜੇ ਪਾਣੀ ਦੇ ਸੋਮਿਆਂ ਤੇ ਕਾਲਾ-ਸੜਿਆ ਤੇਲ ਪਾਉਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਅੰਡੇ ਖਤਮ ਹੋ ਜਾਣ ਅਤੇ ਮੱਛਰਾਂ ਦੀ ਪੈਦਇਸ਼ ਨੂੰ ਰੋਕਿਆ ਜਾ ਸਕੇ, ਇਹ ਸਾਰੀਆਂ ਸਰਗਰਮੀਆਂ ਨੂੰ ਅਮਲ 'ਚ ਲਿਆਉਣ ਲਈ ਸਿਹਤ ਵਿਭਾਗ ਨੇ ਨਾਅਰਾ ਦਿੱਤਾ ਹੈ 'ਹਰ ਸ਼ੁੱਕਰਵਾਰ ਡਰਾਈ ਡੇਅ'। ਇਸ ਦੇ ਨਾਲ ਨਾਲ ਬਚਾਓ ਲਈ ਪੂਰੇ ਕੱਪੜੇ ਪਾਓ, ਸਰੀਰ ਨੂੰ ਢੱਕ ਕੇ ਰੱਖੋ, ਰਾਤ ਸਮੇਂ ਸੌਂਣ ਲੱਗਿਆ ਮੱਛਰਦਾਨੀ ਜਾਂ ਪਤਲੀ ਚਾਦਰ ਵਗੈਰਾ ਲਗਾਓ, ਸਰੀਰ 'ਤੇ ਮੱਛਰ ਮਾਰੂ ਕਰੀਮਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਹਰ ਇਕ ਬੁਖਾਰ ਵਾਲੇ ਕੇਸ ਦਾ ਖੂਨ ਦਾ ਸਲਾਈਡ ਟੈਸਟ ਕਰਨ ਅਤੇ ਪ੍ਰਭਾਵਿਤ ਖੇਤਰਾਂ ਅੰਦਰ ਸਪਰੇਅ ਤੇ ਫੌਗਿੰਗ ਆਦਿ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਦੌਰਾ ਕਰ ਰਹੀਆਂ ਹਨ। ਮਲਟੀਪਰਪਜ਼ ਹੈਲਥ ਵਰਕਰ ਰਜਿੰਦਰ ਸਿੰਘ ਅਤੇ ਸੁਨੀਲ ਕੁਮਾਰ ਨੇ ਜਾਗਰੂਕਤਾ ਸਮੱਗਰੀ ਦੀ ਮਹੱਤਤਾ ਦੱਸਦਿਆਂ ਸਕੂਲ ਮੁਖੀ ਨੂੰ ਨੋਟਿਸ ਬੋਰਡ ਡੇਅ ਪ੍ਰਦਰਸ਼ਿਤ ਕਰਨ ਦੀ ਅਪੀਲ ਕੀਤੀ। ਸਕੂਲ ਮੁਖੀ ਸੁਰਿੰਦਰ ਪੁਰੀ ਨੇ ਸਿਹਤ ਵਿਭਾਗ ਦੀ ਟੀਮ ਦਾ ਜਾਗਰੂਕਤਾ ਸੈਮੀਨਾਰ ਕਰਨ ਲਈ ਧੰਨਵਾਦ ਕੀਤਾ।