ਜੇਐੱਨਐੱਨ, ਫ਼ਰੀਦਕੋਟ: ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਨੇ ਫ਼ਰੀਦਕੋਟ ਵਿਚ 2014 ਵਿਚ ਦਰਜ ਕੀਤੇ ਵਿਦੇਸ਼ੀ ਹਥਿਆਰਾਂ ਦੀ ਸਮੱਗਲਿੰਗ ਦੇ ਮਾਮਲੇ ਵਿਚ ਪੜਤਾਲ ਮੁੜ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸੁਣਵਾਈ ਕਰਦਿਆਂ ਹੋਇਆਂ ਸਥਾਨਕ ਡਿਊਟੀ ਮੈਜਿਸਟ੍ਰੇਟ ਨੇ ਮੁੱਖ ਮੁਲਜ਼ਮ ਗੈਂਗਸਟਰ ਰਣਜੀਤ ਸਿੰਘ ਡੁਪਲਾ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇਨਕਾਰ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਵਿਦੇਸ਼ੀ ਹਥਿਆਰਾਂ ਦੀ ਸਮੱਗਲਿੰਗ ਸਬੰਧੀ ਮਾਮਲਿਆਂ ਦੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਨੇ ਦੁਬਾਰਾ ਪੜਤਾਲ ਸ਼ੁਰੂ ਕੀਤੀ ਹੈ। ਇਸ ਤੋਂ ਪਹਿਲਾਂ ਫ਼ਰੀਦਕੋਟ ਪੁਲਿਸ ਵੱਲੋਂ ਮਾਮਲੇ ਵਿਚ ਮੁਲਜ਼ਮਾਂ ਨੂੰ ਕਲੀਨਚਿੱਟ ਦੇਣ ਮਗਰੋਂ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ ਸੀ ਪਰ ਮੁੜ ਸ਼ੁਰੂ ਕੀਤੀ ਗਈ ਪੜਤਾਲ ਮਗਰੋਂ ਯੂਨਿਟ ਇਸ ਮਾਮਲੇ ਵਿਚ ਗੈਂਗਸਟਰ ਡੁਪਲਾ ਨੂੰ ਹਿਰਾਸਤ ਵਿਚ ਲੈਣਾ ਚਾਹੁੰਦੀ ਸੀ।

ਡੁਪਲਾ ਵਿਰੁੱਧ ਹੋਰ ਵੀ ਅਪਰਾਧਕ ਮਾਮਲੇ ਦਰਜ ਹਨ, ਇਸ ਨੂੰ ਅਦਾਲਤ ਪਹਿਲਾਂ ਹੀ ਭਗੌੜਾ ਐਲਾਨ ਚੁੱਕੀ ਹੈ। ਕ੍ਰਾਈਮ ਯੂਨਿਟ ਵੱਲੋਂ ਅਦਾਲਤ ਵਿਚ ਦਿੱਤੀ ਗਈ ਅਰਜ਼ੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਰਣਜੀਤ ਡੁਪਲਾ ਅਮਰੀਕਾ ਵਿਚ ਲੁਕਿਆ ਹੋਇਆ ਹੈ ਤੇ ਇਸ ਨੂੰ ਇੰਟਰਪੋਲ ਨੇ ਗ੍ਰਿਫ਼ਤਾਰ ਕਰਨਾ ਹੈ, ਇਸ ਲਈ ਰੈੱਡ ਕਾਰਨਰ ਨੋਟਿਸ ਜਾਰੀ ਹੋਣਾ ਬਣਦਾ ਹੈ। ਯੂਨਿਟ ਨੇ ਇਸ ਦੇ ਨਾਲ ਹੀ ਅਰਜ਼ੀ ਵਿਚ ਬੇਮਿਆਦੀ ਗ੍ਰਿਫ਼ਤਾਰੀ ਵਾਰੰਟ ਦੀ ਮੰਗ ਕੀਤੀ ਹੈ।

ਅਦਾਲਤ ਨੇ ਸੁਣਵਾਈ ਦੌਰਾਨ ਇਸ ਮਾਮਲੇ ਵਿਚ ਕ੍ਰਾਈਮ ਯੂਨਿਟ ਇਸ ਅਰਜ਼ੀ ਨੂੰ ਖ਼ਾਰਜ ਕਰਨ ਦਾ ਹੁਕਮ ਕੀਤਾ ਹੈ। ਵਰਣਨਯੋਗ ਹੈ ਕਿ ਪੁਲਿਸ ਇਸ ਮਾਮਲੇ ਵਿਚ ਹੁਣ ਤਕ 14 ਵਿਅਕਤੀਆਂ ਨੂੰ ਮੁਲਜ਼ਮ ਦੇ ਤੌਰ 'ਤੇ ਨਾਮਜ਼ਦ ਕਰ ਚੁੱਕੀ ਹੈ ਤੇ ਹੁਣ ਤਕ ਦੋ ਜਣੇ ਗ੍ਰਿਫ਼ਤਾਰ ਕੀਤੇ ਗਏ ਹਨ।