ਹਰਪ੍ਰੀਤ ਸਿੰਘ ਚਾਨਾ, ਫਰੀਦਕੋਟ : ਹਲਕਾ ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਆਧਾਰ ’ਤੇ ਨੋਟਿਸ ਜਾਰੀ ਕਰਕੇ ਵਿਜੀਲੈਂਸ ਵਿਭਾਗ ਨੇ ਤਲਬ ਕੀਤਾ ਹੈ। ਵਿਜੀਲੈਂਸ ਵਿਭਾਗ ਦੇ ਸੂਤਰਾਂ ਮੁਤਾਬਕ, ਕਿੱਕੀ ਢਿੱਲੋਂ ਦੇ ਬੈਂਕ ਖਾਤਿਆਂ ਦੀ ਜਾਂਚ ਤੋਂ ਇਲਾਵਾ ਉਸ ਦੇ ਕਰੀਬੀ ਰਹੇ ਸਾਥੀਆਂ ਦੀ ਵੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਵਿਜੀਲੈਂਸ ਵਿਭਾਗ ਦੇ ਦਫਤਰ ਮੂਹਰੇ ਗੱਲਬਾਤ ਕਰਦਿਆਂ ਦੱਸਿਆ ਕਿ ਵਿਜੀਲੈਂਸ ਵਿਭਾਗ ਨੇ ਜੋ ਜਾਣਕਾਰੀਆਂ ਮੰਗੀਆਂ ਹਨ, ਉਹ ਇਕ ਹਫ਼ਤੇ ਦੇ ਅੰਦਰ-ਅੰਦਰ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ ।

ਦੂਜੇ ਪਾਸੇ ਉਕਤ ਮਾਮਲੇ ਨੂੰ ਲੈ ਕੇ ਜਿੱਥੇ ਸਿਆਸਤ ਪੂਰੀ ਤਰ੍ਹਾ ਭਖ ਗਈ ਹੈ, ਉੱਥੇ ਅਕਾਲੀ ਤੇ ਕਾਂਗਰਸੀ ਆਹਮੋ ਸਾਹਮਣੇ ਹੋ ਕੇ ਇਕ ਦੂਜੇ ਨਾਲ ਮਿਹਣੋ-ਮਿਹਣੀ ਹੁੰਦਿਆਂ ਦੂਸ਼ਣਬਾਜ਼ੀ ਅਤੇ ਬਿਆਨਬਾਜ਼ੀ ਦੇ ਪੱਧਰ ’ਤੇ ਉੱਤਰ ਆਏ ਹਨ। ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇ ਦੋਸ਼ ਲਾਇਆ ਹੈ ਕਿ ਕਿੱਕੀ ਢਿੱਲੋਂ ਨੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਹੈ, ਜੇਕਰ ਪਿਛਲੀ ਕਾਂਗਰਸ ਸਰਕਾਰ ਦੇ ਮਹਿਜ਼ 5 ਸਾਲਾਂ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਵਿਜੀਲੈਂਸ ਦੇ ਹੱਥ ਬਹੁਤ ਕੁਝ ਲੱਗ ਸਕਦਾ ਹੈ। ਕਿੱਕੀ ਢਿੱਲੋਂ ਨੇ ਉਸਦੇ ਜਵਾਬ ਵਿੱਚ ਆਖਿਆ ਕਿ ਅਸੀਂ ਪਿਉ-ਦਾਦੇ ਤੋਂ ਅਰਥਾਤ ਜੱਦੀ ਪੁਸ਼ਤੀ ਸਮਰੱਥ ਭਾਵ ਆਰਥਿਕ ਪੱਖੋਂ ਮਜਬੂਤ ਗਿਣੇ ਜਾਂਦੇ ਹਾਂ ਅਤੇ ਇਕ-ਇਕ ਵਸਤੂ ਜਾਂ ਜਾਇਦਾਦ ਦਾ ਬਕਾਇਦਾ ਟੈਕਸ ਵੀ ਭਰਦੇ ਹਾਂ ਪਰ ਪਰਮਬੰਸ ਸਿੰਘ ਰੋਮਾਣਾ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਕੀ ਕੀ ਕੀਤਾ, ਇਸ ਦੀ ਵੀ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ।

ਕਿੱਕੀ ਢਿੱਲੋਂ ਨੇ ਹੈਰਾਨੀ ਪ੍ਰਗਟਾਈ ਕਿ ਕਾਰੋਬਾਰ ਅਤੇ ਜਾਇਦਾਦ ਨਾ ਹੋਣ ਦੇ ਬਾਵਜੂਦ ਪਰਮਬੰਸ ਸਿੰਘ ਰੋਮਾਣਾ ਦਾ ਮਹੀਨੇ ਦਾ ਲੱਖਾਂ ਰੁਪਏ ਦਾ ਖਰਚਾ ਕਿੱਥੋਂ ਆਉਂਦਾ ਹੈ? ਇਸ ਦੀ ਜਾਂਚ ਕਰਨ ਉਪਰੰਤ ਹੀ ਸੱਚਾਈ ਸਾਹਮਣੇ ਆ ਸਕਦੀ ਹੈ। ਵਿਜੀਲੈਂਸ ਵਿਭਾਗ ਦੇ ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿੱਕੀ ਢਿੱਲੋਂ ਤੋਂ ਕੁਝ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਹੈ, ਜੋ ਉਹ ਇਕ ਹਫਤੇ ਦੇ ਅੰਦਰ-ਅੰਦਰ ਜਮਾ ਕਰਾਉਣਗੇ।

Posted By: Tejinder Thind