ਪੱਤਰ ਪੇ੍ਰਕ, ਫਰੀਦਕੋਟ : 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਸੰਗਤ’ਤੇ ਚਲਾਈ ਪੁਲਿਸ ਦੀ ਗੋਲੀ ਵਾਲੇ ਮਾਮਲੇ ’ਚ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੇ ਹੁਕਮਾਂ ’ਤੇ ਇਕ ਅਜਿਹੀ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਬੇਅਦਬੀ ਦੇ ਮਾਮਲਿਆਂ ਸਬੰਧੀ ਥਾਣਾ ਬਾਜਾਖਾਨਾ ਵਿਖੇ ਦਰਜ ਹੋਏ ਤਿੰਨ ਮੁਕੱਦਮਿਆਂ ਦੇ ਮੁੱਖ ਦੋਸ਼ੀ ਸਮਝੇ ਜਾਂਦੇ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੀ ਭਾਲ ਕਰੇਗੀ। ਉਕਤ ਮਾਮਲੇ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਚੀਫ ਜੁਡੀਸ਼ੀਅਲ ਮੈਜਿਸਟੇ੍ਟ ਫਰੀਦਕੋਟ ਦੀ ਅਦਾਲਤ ਵੱਲੋਂ ਉਕਤਾਨ ਡੇਰਾ ਪੇ੍ਮੀਆਂ ਨੂੰ ਭਗੌੜੇ ਐਲਾਨਿਆਂ ਜਾ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਬੇਅਦਬੀ ਦੇ ਤਿੰਨੇ ਮਾਮਲੇ ਪਾਵਨ ਸਰੂਪ ਚੋਰੀ ਕਰਨ, ਪਾਵਨ ਸਰੂਪ ਦੀ ਬੇਅਦਬੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਇਤਰਾਜਯੋਗ ਸ਼ਬਦਾਵਲੀ ਵਾਲੇ ਪੋਸਟਰ ਲਾਉਣ ਸਬੰਧੀ ਦਰਜ ਮੁਕੱਦਮਿਆਂ ’ਚ ਡੇਰਾ ਸਿਰਸਾ ਮੁਖੀ ਵੀ ਨਾਮਜ਼ਦ ਹੈ, ’ਚ ਉਕਤਾਨ ਨੂੰ ਸਾਲ 2018 ’ਚ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਹਾਲ ਹੀ ’ਚ ਉਕਤ ਤਿੰਨੇ ਭਗੌੜੇ ਡੇਰਾ ਪੇ੍ਮੀਆਂ ਨੂੰ ਕਾਬੂ ਕਰਨ ਲਈ ਡੀਜੀਪੀ ਪੰਜਾਬ ਵਲੋਂ ਗਠਿਤ ਕੀਤੀ ਗਈ ਕਮੇਟੀ ਦੀ ਅਗਵਾਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸੌਂਪੀ ਗਈ ਹੈ ਜਿਸ ਵਿੱਚ ਏਆਈਜੀ ਰਜਿੰਦਰ ਸਿੰਘ ਸੋਹਲ, ਡੀਐੱਸਪੀ ਗੁਰਚਰਨ ਸਿੰਘ, ਰਾਕੇਸ਼ ਯਾਦਵ ਅਤੇ ਜਾਂਚ ਅਧਿਕਾਰੀ ਵਿਜੈ ਕੁਮਾਰ ਨੂੰ ਸ਼ਾਮਿਲ ਕਰਕੇ ਇਹ ਅਧਿਕਾਰ ਦਿੱਤੇ ਗਏ ਹਨ।

Posted By: Jagjit Singh