ਅਰਸ਼ਦੀਪ ਸੋਨੀ, ਸਾਦਿਕ : ਕੋਰੋਨਾ ਕਾਰਨ ਲੱਗੇ ਲਾਕਡਾਊਨ ਦੌਰਾਨ ਸਾਦਿਕ ਦੇ ਕਿਸਾਨ ਨੇ ਗੰਨੇ ਦੀ ਫ਼ਸਲ ਨਾ ਵਿਕਣ ਕਰਕੇ ਆਪਣੇ ਕਮਾਦ ਨੂੰ ਅੱਗ ਲਾ ਦਿੱਤੀ। ਸਾਦਿਕ ਦੇ ਸੰਗਤਪੁਰਾ ਵਾਲੀ ਸੜਕ 'ਤੇ ਰਹਿੰਦੇ ਜਗਤਾਰ ਸਿੰਘ ਪੁੱਤਰ ਬਿੱਕਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਪੰਜ ਏਕੜ ਜ਼ਮੀਨ 'ਚੋਂ ਦੋ ਏਕੜ ਵਿਚ ਗੰਨੇ ਦੀ ਕਾਸ਼ਤ ਕੀਤੀ।

ਇਹ ਗੰਨਾ ਉਸ ਨੇ ਗੁੜ ਬਣਾਉਣ ਵਾਲਿਆਂ ਅਤੇ ਗੰਨੇ ਦਾ ਜੂਸ ਵੇਚਣ ਵਾਲਿਆਂ ਨੂੰ ਵੇਚਣਾ ਸੀ। ਮਾਰਚ ਵਿਚ ਲਾਕਡਾਊਨ ਲੱਗ ਜਾਣ ਕਾਰਨ ਨਾ ਜੂਸ ਵਾਲੀਆਂ ਰੇੜ੍ਹੀਆਂ ਦਾ ਕੰਮ ਚੱਲਿਆ ਤੇ ਨਾ ਹੀ ਗੁੜ ਬਣਾਉਣ ਵਾਲਿਆਂ ਨੇ ਕੰਮ ਸ਼ੁਰੂ ਕੀਤਾ। ਜਿਸ ਕਾਰਨ ਦੋ ਏਕੜ ਵਿਚ ਲੱਗਾ ਗੰਨਾ ਗਰਮੀ ਕਾਰਨ ਸੁੱਕਣ ਲੱਗਾ ਤੇ ਫਿਰ ਬਿਮਾਰੀ ਪੈ ਗਈ। ਹੁਣ ਇਸ ਵਿਚੋਂ ਰਸ ਵੀ ਘੱਟ ਹੋ ਰਿਹਾ ਸੀ ਤੇ ਕੋਈ ਖ਼ਰੀਦਦਾਰ ਨਹੀਂ ਸੀ।

ਨਜ਼ਦੀਕ ਕੋਈ ਗੰਨਾ ਮਿੱਲ ਨਾ ਹੋਣ ਕਾਰਨ ਕਿਸੇ ਫੈਕਟਰੀ ਨੂੰ ਵੀ ਵੇਚਿਆ ਨਹੀਂ ਜਾ ਸਕਿਆ। ਇਸ ਰਕਬੇ ਵਿਚ ਉਸ ਨੇ ਕੁਝ ਕੁ ਗੰਨਾ ਵੇਚਿਆ ਵੀ, ਪਰ ਬਾਕੀ ਕਿਸੇ ਨੇ ਨਾ ਲਿਆ। ਅਖ਼ੀਰ ਉਸ ਨੂੰ ਅਗਲੀ ਫ਼ਸਲ ਬੀਜਣ ਲਈ ਗੰਨੇ ਨੂੰ ਅੱਗ ਲਾਉਣ ਲਈ ਮਜਬੂਰ ਹੋਣਾ ਪਿਆ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਅਗਰ ਲਾਕਡਾਊਨ ਨਾ ਲੱਗਾ ਹੁੰਦਾ ਤਾਂ ਉਸ ਨੇ ਦੋ ਲੱਖ ਰੁਪਏ ਵੱਟ ਲੈਣੇ ਸਨ ਜਾਂ ਉਸ ਨੇ ਅੱਗੇ ਕਿਸੇ ਫੈਕਟਰੀ ਨੂੰ ਵੇਚ ਦੇਣਾ ਸੀ।

ਪੀੜਤ ਕਿਸਾਨ ਨੇ ਦੱਸਿਆ ਕਿ ਉਸ ਦਾ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਹੁਣ ਖੇਤ ਦੀ ਤਿਆਰੀ ਕਰ ਕੇ ਬਾਸਮਤੀ ਜਾਂ ਝੋਨਾ ਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਉਸ ਦੀ ਫ਼ਸਲ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ।