ਹਰਪ੍ਰੀਤ ਸਿੰਘ ਚਾਨਾ, ਫਰੀਦਕੋਟ : ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਫਰਜ਼ੀ ਦਸਤਾਵੇਜ਼ਾਂ 'ਤੇ ਚਲਾਈਆਂ ਜਾ ਰਹੀਆਂ ਐਂਬੂਲੈਂਸਾਂ ਸਬੰਧੀ ਬੀਤੇ ਕੱਲ ਦਿੱਲੀ ਪੁਲਿਸ ਨੇ ਫ਼ਰੀਦਕੋਟ ਦੀ ਇਕ ਸਮਾਜਸੇਵੀ ਸੰਸਥਾ ਦੇ ਨਾਂਅ 'ਤੇ ਚਲਾਈ ਜਾ ਰਹੀ ਐਂਬੂਲੈਂਸ ਵਿੱਚੋਂ 20-20 ਕਿਲੋ ਵਾਲੇ 6 ਆਕਸੀਜਨ ਸਿਲੰਡਰ ਬਰਾਮਦ ਕੀਤੇ। ਦਿੱਲੀ ਪੁਲਿਸ ਨੇ ਖੁਲਾਸਾ ਕਰਦਿਆਂ ਕਿਹਾ ਕਿ ਫਰੀਦਕੋਟ ਇਲਾਕੇ ਤੋਂ ਸਸਤੇ ਭਾਅ ਆਕਸੀਜਨ ਲਿਆ ਕੇ ਦਿੱਲੀ 'ਚ ਮਹਿੰਗੇ ਭਾਅ ਵੇਚੀ ਜਾ ਰਹੀ ਸੀ। ਦਿੱਲੀ ਪੁਲਿਸ ਨੇ ਐਂਬੂਲੈਂਸ ਚਾਲਕ ਕੇਵਲ ਸਿੰਘ (42) ਵਾਸੀ ਫਰੀਦਕੋਟ ਅਤੇ ਉਸ ਦੇ ਸਾਥੀ ਵਿਨੇ ਕੁਮਾਰ (45) ਵਾਸੀ ਪੱਛਮੀ ਵਿਹਾਰ ਦਿੱਲੀ ਨੂੰ ਕਾਬੂ ਕਰ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਚੱਲਦੀਆਂ ਤਿੰਨ ਹੋਰ ਐਂਬੂਲੈਂਸਾਂ ਵੀ ਇਸ ਗੋਰਖਧੰਦੇ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਉਹ ਫਰੀਦਕੋਟ ਤੋਂ ਸਸਤੇ ਭਾਅ ਆਕਸੀਜਨ ਦੇ ਸਿਲੰਡਰ ਲਿਆ ਕੇ ਦਿੱਲੀ ਵਿਖੇ 30 ਤੋਂ 35 ਹਜ਼ਾਰ ਰੁਪਏ ਪ੍ਰਤੀ ਸਿਲੰਡਰ ਵਸੂਲਦੇ ਹਨ।

ਜਿਸ ਐੱਨਜੀਓ ਦੇ ਨਾਂਅ 'ਤੇ ਐਂਬੂਲੈਂਸ ਚਲਾਈ ਜਾ ਰਹੀ ਹੈ, ਉਸ ਦੇ ਸੰਚਾਲਕ ਨੂੰ ਅਨੇਕਾਂ ਵਾਰ ਵੱਖ-ਵੱਖ ਸਟੇਜਾਂ ਤੋਂ ਸਮਾਜਸੇਵਕ ਦੇ ਤੌਰ 'ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਤੇ ਐਂਬੂਲੈਂਸ 'ਤੇ ਵਿਦੇਸ਼ਾਂ ਦੇ ਦਾਨੀ ਸੱਜਣਾ ਤੋਂ ਮਿਲਦੀ ਮਦਦ ਦਾ ਵੀ ਜ਼ਿਕਰ ਹੈ। ਪੁਲਿਸ ਨੇ 53300 ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ।

ਇਸ ਮਾਮਲੇ ਵਿੱਚ ਵਿਮਲ ਕੁਮਾਰ ਸੇਤੀਆ ਡਿਪਟੀ ਕਮਿਸ਼ਨਰ ਫਰੀਦਕੋਟ ਦਾ ਕਹਿਣਾ ਹੈ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਬਹੁਤ ਸਾਰੀਆਂ ਨਿਰਪੱਖ ਸੋਚ ਰੱਖਣ ਵਾਲੀਆਂ ਸ਼ਖਸੀਅਤਾਂ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਕਈ ਵਾਰ ਲਿਖਤੀ ਤੇ ਜ਼ੁਬਾਨੀ ਤੌਰ 'ਤੇ ਬੇਨਤੀਆਂ ਕੀਤੀਆਂ ਗਈਆਂ ਹਨ ਕਿ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿੱਚ ਫਰਜ਼ੀ ਨਾਵਾਂ 'ਤੇ ਚਲਾਈਆਂ ਜਾ ਰਹੀਆਂ ਐਂਬੂਲੈਂਸਾਂ ਦੀ ਜਾਂਚ ਕਰ ਕੇ ਪੀੜਤ ਮਰੀਜ਼ਾਂ ਦੀ ਲੁੱਟ ਬੰਦ ਕਰਵਾਉਣ। ਕਿਉਂਕਿ ਸਮਾਜਸੇਵਾ ਦੇ ਨਾਂਅ 'ਤੇ ਕੁਝ ਲੋਕਾਂ ਵਲੋਂ ਐਂਬੂਲੈਂਸਾਂ ਰਾਹੀਂ ਕਾਲਾਬਾਜ਼ਾਰੀ ਦਾ ਧੰਦਾ ਤੇ ਠੇਕੇ 'ਤੇ ਐਂਬੂਲੈਂਸ ਦੇ ਕੇ ਮੋਟੀ ਕਮਾਈ ਕਰਨ ਦਾ ਵੀ ਕਈ ਵਾਰ ਖੁਲਾਸਾ ਹੋ ਚੁੱਕਾ ਹੈ।