ਸਤੀਸ਼ ਕੁਮਾਰ, ਫਰੀਦਕੋਟ

ਨਗਰ ਕੌਂਸਲ ਫਰੀਦਕੋਟ ਨੂੰ ਸ਼ਹਿਰ ਦਾ ਇਕੱਠਾ ਕੀਤਾ ਕੂੜਾ ਸੁੱਟਣ ਲਈ ਕਿਤੇ ਵੀ ਡੰਪ ਨਾ ਮਿਲਣ ਕਾਰਨ ਨਗਰ ਕੌਂਸਲ ਨੇ ਸ਼ਹਿਰ ਵਿੱਚੋਂ ਇਕੱਠੇ ਕੀਤੇ ਕੂੜੇ ਨੂੰ ਸੜਕਾਂ ਦੇ ਨਾਲ ਹੀ ਢੇਰੀ ਕਰ ਦਿੱਤਾ ਹੈ, ਜਿਸ ਕਰਕੇ ਸਵੇਰੇ-ਸ਼ਾਮ ਲੋਕਾਂ ਨੂੰ ਗੰਦਗੀ 'ਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ। ਨਗਰ ਕੌਂਸਲ ਨੇ ਸ਼ਹਿਰ ਦੀ ਸਫਾਈ ਲਈ ਤਿੰਨ ਸੌ ਤੋਂ ਵੱਧ ਕੱਚੇ ਅਤੇ ਪੱਕੇ ਮੁਲਾਜ਼ਮ ਭਰਤੀ ਕੀਤੇ ਹਨ ਅਤੇ ਹਰ ਰੋਜ਼ ਨਗਰ ਕੌਂਸਲ ਨੇ ਫਰੀਦਕੋਟ ਸ਼ਹਿਰ ਦੇ 11300 ਘਰਾਂ ਦਾ ਕੂੜਾ ਚੁੱਕਣਾ ਹੁੰਦਾ ਹੈ, ਪਰ ਫਿਲਹਾਲ ਨਗਰ ਕੌਂਸਲ ਸਿਰਫ 4300 ਘਰਾਂ ਦਾ ਹੀ ਕੂੜਾ ਚੁੱਕ ਰਹੀ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਇਸ ਕੂੜੇ ਨੂੰ ਵੀ ਨਹੀਂ ਚੁੱਕਿਆ ਜਾ ਰਿਹਾ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅੰਮਿ੍ਤ ਕੁਮਾਰ ਨੇ ਮੰਨਿਆ ਕਿ ਉਨ੍ਹਾਂ ਕੋਲ ਕੂੜਾ ਸੁੱਟਣ ਲਈ ਕੋਈ ਡੰਪ ਨਹੀਂ ਹੈ ਅਤੇ ਉਹ ਡੰਪ ਲੈਣ ਲਈ ਚਾਰਾਜੋਈ ਕਰ ਰਹੇ ਹਨ।

ਇਸ ਤੋਂ ਪਹਿਲਾਂ ਅਣ-ਅਧਿਕਾਰਤ ਤੌਰ 'ਤੇ ਸ਼ਹਿਰ ਦਾ ਇਕੱਠਾ ਕੀਤਾ ਕੂੜਾ ਖੰਡਰ ਬਣੀ ਸ਼ੂਗਰ ਮਿੱਲ ਦੇ ਇੱਕ ਹਿੱਸੇ ਵਿੱਚ ਸੁੱਟਿਆ ਜਾ ਰਿਹਾ ਸੀ ਪਰ ਹੁਣ ਉੱਥੇ ਕੂੜੇ ਦੇ ਵੱਡੇ ਢੇਰ ਲੱਗਣ ਕਾਰਨ ਹੋਰ ਕੂੜਾ ਸੁੱਟਣਾ ਸੰਭਵ ਨਹੀਂ। ਨਗਰ ਕੌਂਸਲ ਕੋਲ 14 ਏਕੜ ਕੂੜੇ ਲਈ ਡੰਪ ਪਿੰਡ ਚਹਿਲ ਨਜਦੀਕ ਰਾਖਵਾਂ ਹੈ ਪਰ ਇਸ ਡੰਪ ਦੇ ਦੁਆਲੇ ਕੋਈ ਚਾਰਦੀਵਾਰੀ ਨਹੀਂ ਕੀਤੀ ਗਈ, ਜਿਸ ਕਰਕੇ ਆਸ ਪਾਸ ਦੇ ਪਿੰਡਾਂ ਦੇ ਲੋਕ ਇੱਥੇ ਨਗਰ ਕੌਂਸਲ ਨੂੰ ਕੂੜਾ ਨਹੀਂ ਸੁੱਟਣ ਦੇ ਰਹੇ। ਹਰ ਮਹੀਨੇ ਸਫਾਈ 'ਤੇ 60 ਲੱਖ ਰੁਪਏ ਖਰਚਣ ਦੇ ਬਾਵਜੂਦ ਸ਼ਹਿਰ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੋ ਗਿਆ ਹੈ। ਨਗਰ ਕੌਂਸਲ ਦੇ ਸਫਾਈ ਪ੍ਰਬੰਧਾਂ ਵਿੱਚ ਸਹਿਯੋਗ ਕਰਨ ਵਾਲੇ ਕੁਲਦੀਪ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਵੱਲੋਂ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਸੁੱਟੇ ਜਾਣ ਕਾਰਨ ਸਮੱਸਿਆ ਵੱਡੀ ਬਣੀ ਹੈ। ਉਕਤ ਮਾਮਲੇ ਨੂੰ ਲੈ ਕੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਿਢੱਲੋਂ ਨੇ ਕਿਹਾ ਕਿ ਪਿੰਡ ਚਹਿਲ ਵਾਲੇ ਕੂੜੇ ਡੰਪ ਨੂੰ ਚਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਜਲਦ ਹੱਲ ਕਰ ਲਿਆ ਜਾਵੇਗਾ।