ਸਟਾਫ ਰਿਪੋਰਟਰ, ਫ਼ਰੀਦਕੋਟ : ਬੜੇ ਸਮੇਂ ਤੋਂ ਜਨਰਲ ਵਰਗ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਅੱਜ ਕੋਟਕਪੂਰਾ ਦੀ ਦਾਣਾ ਮੰਡੀ ਵਿਖੇ ਜਨਰਲ ਕੈਟਾਗਰੀ ਵੈਲਫ਼ੇਅਰ ਫ਼ੈਡਰੇਸ਼ਨ ਪੰਜਾਬ ਦਾ ਸੂਬਾ ਪੱਧਰੀ ਵਫ਼ਦ ਪ੍ਰਧਾਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ। ਵਫ਼ਦ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕਿ ਉਨਾਂ੍ਹ ਨੇ ਫ਼ੈਡਰੇਸ਼ਨ ਨਾਲ ਵਾਅਦਾ ਕੀਤਾ ਸੀ ਕਿ ਜਲਦੀ ਹੀ ਜਨਰਲ ਵਰਗ ਲਈ ਜਨਰਲ ਕੈਟਾਗਰੀ ਕਮਿਸ਼ਨ ਅਤੇ ਜਨਰਲ ਕੈਟਾਗਰੀ ਵੈਲਫ਼ੇਅਰ ਬੋਰਡ ਦੀ ਸਥਾਪਨਾ ਕੀਤੀ ਜਾਵੇਗੀ। ਜੋ ਕਿ ਅਜੇ ਤੱਕ ਵੀ ਪੂਰਾ ਨਹੀਂ ਕੀਤਾ ਗਿਆ। ਜਿਸ ਨਾਲ ਜਨਰਲ ਵਰਗ ਦੇ ਮੁਲਾਜ਼ਮਾਂ, ਵਪਾਰੀਆਂ, ਕਿਸਾਨਾਂ, ਵਿਦਿਆਰਥੀਆਂ ਅਤੇ ਦੁਕਾਨਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਸੂਬੇ ਵਿਚ ਹਰ ਵਰਗ ਲਈ ਕਮਿਸ਼ਨ ਅਤੇ ਵੈਲਫ਼ੇਅਰ ਬੋਰਡ ਬਣੇ ਹੋਏ ਹਨ। ਕੇਵਲ ਜਨਰਲ ਵਰਗ ਨੂੰ ਹੀ ਇਸ ਸਹੂਲਤ ਤੋਂ ਵਾਂਝਾ ਕੀਤਾ ਗਿਆ ਹੈ। ਫ਼ੈਡਰੇਸ਼ਨ ਨੇ ਇਹ ਵੀ ਦੱਸਿਆ ਕਿ ਗੁਜਰਾਤ ਸਰਕਾਰ ਵਿਚ ਜਨਰਲ ਕੈਟਾਗਰੀ ਕਮਿਸ਼ਨ 2017 ਤੋਂ ਲਗਾਤਾਰ ਜਨਰਲ ਵਰਗ ਦੀ ਭਲਾਈ ਲਈ ਕੰਮ ਕਰ ਰਿਹਾ ਹੈ। ਇਸ ਤੋਂ ਬਿਨਾਂ ਹਿਮਾਚਲ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵੀ ਅਜਿਹੇ ਕਮਿਸ਼ਨ ਸਥਾਪਿਤ ਕਰਨ ਜਾ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕਿ ਇਹ ਦਾਅਵਾ ਕਰਦੇ ਹਨ ਕਿ ਉਹ ਕਿਸੇ ਵੀ ਵਰਗ ਨਾਲ ਵਿਤਕਰਾ ਨਹੀਂ ਕਰਦੇ ਤਾਂ ਿਫ਼ਰ ਪੰਜਾਬ ਵਿਚ ਜਨਰਲ ਕੈਟਾਗਰੀ ਕਮਿਸ਼ਨ ਅਤੇ ਜਨਰਲ ਵੈਲਫ਼ੇਅਰ ਬੋਰਡ ਦੀ ਸਥਾਪਨਾ ਕਿਉਂ ਨਹੀਂ ਕੀਤੀ ਜਾ ਰਹੀ ਹੈ। ਜਿਸ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਨਰਲ ਵਰਗ ਦੀ ਇਹ ਮੰਗ ਜਲਦੀ ਹੀ ਪੂਰੀ ਕੀਤੀ ਜਾ ਰਹੀ ਹੈ ਅਤੇ ਕਿਸੇ ਸਮੇਂ ਵੀ ਜਨਰਲ ਵਰਗ ਲਈ ਜਨਰਲ ਕੈਟਾਗਰੀ ਕਮਿਸ਼ਨ ਦੀ ਸਥਾਪਨਾ ਹੋ ਸਕਦੀ ਹੈ। ਇਸ ਲਈ ਫ਼ੈਡਰੇਸ਼ਨ ਨੂੰ ਜਲਦੀ ਨਹੀਂ ਕਰਨੀ ਚਾਹੀਦੀ ਬਲਕਿ ਉਨਾਂ੍ਹ ਦੀ ਗੱਲ 'ਤੇ ਯਕੀਨ ਕਰਨਾ ਚਾਹੀਦਾ ਹੈ। ਵਫ਼ਦ ਵਿਚ ਫ਼ੈਡਰੇਸ਼ਨ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ,ਪ੍ਰਰੈਸ ਸਕੱਤਰ ਜਸਵੀਰ ਸਿੰਘ ਗੜਾਂਗ, ਜ਼ਿਲ੍ਹਾ ਫ਼ਹਿਤਗੜ੍ਹ ਦੇ ਪ੍ਰਧਾਨ ਯਾਦਵਿੰਦਰ ਸਿੰਘ ਕੰਧੋਲਾ, ਜ਼ਿਲ੍ਹਾ ਿਫ਼ਰੋਜ਼ਪੁਰ ਦੇ ਪ੍ਰਧਾਨ ਕੋਮਲ ਸ਼ਰਮਾ, ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਜਤਿੰਦਰ ਸਿੰਘ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਮਨਪ੍ਰਰੀਤ ਸਿੰਘ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਕਪਿਲ ਦੇਵ ਪ੍ਰਰਾਸ਼ਰ, ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸੁਦੇਸ਼ ਕਮਲ ਸ਼ਰਮਾ, ਅਮਰਜੀਤ ਸਿੰਘ ਗੋਂਦਾਰਾ, ਰਮੇਸ਼ ਕੁਮਾਰ ਧਵਨ, ਦਲੀਪ ਸਿੰਘ ਬਾਸੀ, ਸੰਦੀਪ ਕੁਮਾਰ ਸ਼ਰਮਾ, ਜਸਵੰਤ ਸਿੰਘ ਕੁਲ, ਕੰਵਰਜੀਤ ਸਿੰਘ ਸੇਖੋਂ, ਹਰਜੀਤ ਸਿੰਘ ਗਰੇਵਾਲ, ਗੁਰਜੰਟ ਸਿੰਘ ਪਟਵਾਰੀ ਤੇ ਹੋਰ ਵੀ ਹਾਜ਼ਰ ਸਨ।