ਹਰਪ੍ਰੀਤ ਚਾਨਾ, ਫਰੀਦਕੋਟ : ‘‘ਬੇਅਦਬੀ ਕਾਂਡ, ਕੋਟਕਪੂਰਾ ਤੇ ਬਹਿਬਲ ਕਲਾਂ ਗੋਲ਼ੀਕਾਂਡ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਲਈ ਸੰਘਰਸ਼ ਨੂੰ 7 ਸਾਲ ਲੰਘ ਗਏ ਹਨ ਤੇ ਚਾਰ ਮੁੱਖ ਮੰਤਰੀ ਬਦਲ ਚੁੱਕੇ ਹਨ। ਸਰਕਾਰ ਵੱਲੋਂ ਦਿੱਤੀ ਮੁੱਦਤ ਖ਼ਤਮ ਹੋ ਗਈ ਹੈ, ਹਾਲੇ ਤਕ ਇਨਸਾਫ਼ ਨਹੀਂ ਮਿਲਿਆ।’’

ਇਹ ਪ੍ਰਗਟਾਵਾ ਬਹਿਬਲ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੀਤੀ 14 ਅਕਤੂਬਰ ਨੂੰ ਸੰਗਤ ਦੀ ਹਾਜ਼ਰੀ ਵਿਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ, ਕੁੰਵਰ ਵਿਜੈਪ੍ਰਤਾਪ ਸਿੰਘ ਤੇ ਕੁਲਵੰਤ ਸਿੰਘ ਪੰਡੋਰੀ ਦੀ ਹਾਜ਼ਰੀ ਵਿਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਨੇ ਕਿਹਾ ਸੀ, ‘‘ਗੁਰੂ ਗ੍ਰੰਥ ਸਾਹਿਬ ਦੇ ਸੇਵਕ ਪਹਿਲਾਂ ਹਾਂ ਤੇ ਪੰਜਾਬ ਸਰਕਾਰ ਦਾ ਹਿੱਸਾ ਬਾਅਦ ਵਿਚ ਹਾਂ। ਜੇ ਵਾਹਿਗੁਰੂ ਦੀ ਕਿਰਪਾ ਹੋ ਗਈ ਤਾਂ ਡੇਢ ਮਹੀਨੇ ਦੇ ਅੰਦਰ-ਅੰਦਰ ਸਰਕਾਰ ਦੋਸ਼ੀਆਂ ਵਿਰੁੱਧ ਕਾਰਵਾਈ ਕਰੇਗੀ ਜਿਸ ਤੋਂ ਬਾਅਦ ਇਸੇ ਥਾਂ ’ਤੇ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ’’।

ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਸਰਕਾਰ ਨੂੰ ਜੋ ਅਲਟੀਮੇਟਮ ਦਿੱਤਾ ਸੀ, ਖ਼ਤਮ ਹੋ ਚੁੱਕਾ ਹੈ। ਬਹਿਬਲ ਮੋਰਚੇ ਵੱਲੋਂ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਇਕੱਠ ਬੁਲਾ ਕੇ ਸੰਘਰਸ਼ ਉਲੀਕਿਆ ਜਾਵੇਗਾ। ਇਸੇ ਤਰ੍ਹਾਂ ਸਾਧੂ ਸਿੰਘ ਸਰਾਵਾਂ ਤੇ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਪੁਲਿਸ ਦੀ ਗੋਲ਼ੀ ਨਾਲ ਦੋ ਸਿੱਖ 7 ਸਾਲ ਪਹਿਲਾਂ ਸ਼ਹੀਦ ਹੋਏ ਸਨ। ਇਸ ਮਗਰੋਂ ਜਾਂਚ ਕਮਿਸ਼ਨਾਂ ਤੇ ਐੱਸਆਈਟੀਜ਼ ਬਣੀਆਂ, ਬੇਅਦਬੀ ਤੇ ਗੋਲ਼ੀਕਾਂਡ ਦੇ ਦੋਸ਼ੀਆਂ ਦੀ ਸ਼ਨਾਖਤ ਹੋਈ, ਚੌਥਾ ਮੁੱਖ ਮੰਤਰੀ ਬਣ ਗਿਆ ਪਰ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਸਕੀਆਂ।

Posted By: Jagjit Singh