ਡੀਟੀਐੱਫ ਫਰੀਦਕੋਟ ਦਾ ਵਫਦ ਬੀਐੱਲਓਜ਼ ਦੀਆਂ ਦੋਹਰੀਆਂ ਡਿਊਟੀਆਂ ਦੇ ਸਬੰਧ ’ਚ ਜ਼ਿਲ੍ਹਾ ਚੋਣ ਅਫਸਰ ਨੂੰ ਮਿਲਿਆ
ਡੀ.ਟੀ.ਐਫ. ਫਰੀਦਕੋਟ ਦਾ ਵਫਦ ਬੀ.ਐਲ.ਓਜ਼ ਦੀਆਂ ਦੋਹਰੀਆਂ ਡਿਊਟੀਆਂ ਦੇ ਸਬੰਧ ਵਿੱਚ ਜ਼ਿਲ੍ਹਾ ਚੋਣ ਅਫਸਰ ਨੂੰ ਮਿਲਿਆ
Publish Date: Tue, 09 Dec 2025 04:04 PM (IST)
Updated Date: Tue, 09 Dec 2025 04:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਜ਼ਿਲ੍ਹਾ ਫਰੀਦਕੋਟ ਦੇ ਡੀਟੀਐਫ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਜਨਰਲ ਸਕੱਤਰ ਗਗਨ ਪਾਹਵਾ ਦੀ ਅਗਵਾਈ ਵਿੱਚ ਡੀਟੀਐਫ ਦਾ ਵਫ਼ਦ ਬੀ.ਐਲ.ਓ ਦੀਆਂ ਦੋਹਰੀਆਂ ਡਿਊਟੀਆਂ ਅਤੇ ਇਗਜੈਮਪਟਿਡ ਕੈਟਾਗਰੀ ਦੀਆਂ ਡਿਊਟੀਆਂ ਕਟਵਾਉਣ ਦੇ ਸਿਲਸਿਲੇ ਵਿੱਚ ਗੱਲਬਾਤ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ) ਸੰਦੀਪ ਮਲਹੋਤਰਾ ਨੂੰ ਮਿਲਿਆ। ਇਸ ਮੌਕੇ ਵਫਦ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਬੀ.ਐਲ.ਓ. ਦੀਆਂ ਦੋਹਰੀਆਂ ਡਿਊਟੀਆਂ ਕੱਟੀਆਂ ਜਾਣ ਅਤੇ ਅੰਗਹੀਣ, ਵਿਧਵਾ ਅਤੇ ਕ੍ਰਾਨਿਕ ਡਿਸੀਜ਼ ਵਾਲੇ ਕਰਮਚਾਰੀਆਂ ਨੂੰ ਵੀ ਡਿਊਟੀ ਤੋਂ ਛੋਟ ਦਿੱਤੀ ਜਾਵੇ। ਇਸ ਤੋਂ ਇਲਾਵਾ ਡੀ.ਟੀ.ਐੱਫ. ਪੰਜਾਬ ਦੇ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਵਿਰੁੱਧ ਆਰ.ਓ. ਨਿਹਾਲ ਸਿੰਘ ਵਾਲਾ ਵੱਲੋਂ ਜਾਰੀ ਕੀਤੇ ਪੱਤਰ ਨੂੰ ਵਾਪਸ ਲੈਣ ਦੀ ਮੰਗ ਦਾ ਮੰਗ ਪੱਤਰ ਵੀ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਇਹਨਾਂ ਮੰਗਾਂ ਉਪਰ ਪ੍ਰਤੀਕਿਰਿਆ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਇਹਨਾਂ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਤੋਂ ਇਲਾਵਾ ਜਦੋਂ ਵਫਦ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਨਾਲ ਪੋਲਿੰਗ ਪਾਰਟੀਆਂ ਦੇ ਖਾਣੇ ਅਤੇ ਰਿਹਾਇਸ਼ ਸਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਸਬੰਧ ਵਿੱਚ ਸਰਕਾਰ ਪਾਸੋਂ ਕੋਈ ਵੀ ਪੈਸਾ ਪ੍ਰਾਪਤ ਨਹੀਂ ਹੋਇਆ ਹੈ ਅਤੇ ਉਹਨਾਂ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਹੀ ਪੋਲਿੰਗ ਸਟਾਫ ਲਈ ਰੋਟੀ ਪਾਣੀ ਦਾ ਪ੍ਰਬੰਧ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਦੋਂ ਜਥੇਬੰਦੀ ਵੱਲੋਂ ਡੀ.ਸੀ. ਦਫਤਰ ਦੇ ਕਰਮਚਾਰੀਆਂ ਦੇ ਨੇੜਲਿਆਂ ਦੀਆਂ ਡਿਊਟੀਆਂ ਕੱਟੇ ਜਾਣ ਦੇ ਸੰਬੰਧ ਵਿੱਚ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਸਭ ਕੁਝ ਸਿਸਟਮ ਦਾ ਇੱਕ ਹਿੱਸਾ ਹੈ।ਵਫਦ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਹਿਲਾਂ ਹੀ ਜਥੇਬੰਦੀ ਵੱਲੋਂ ਮਹਿਲਾ ਅਧਿਆਪਕਾਂ ਨੂੰ ਡਿਊਟੀ ਤੋਂ ਛੋਟ ਦੇਣ ਸੰਬੰਧੀ ਅਤੇ ਅਤੇ ਲੋੜ ਪੈਣ ਤੇ ਉਹਨਾਂ ਦੀ ਡਿਊਟੀ ਉਹਨਾਂ ਦੀ ਰਿਹਾਇਸ਼ ਵਾਲੇ ਹਲਕੇ ਵਿੱਚ ਹੀ ਲਗਾਉਣ ਸਬੰਧੀ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਜਰਨਲ ਸਕੱਤਰ ਗਗਨ ਪਾਹਵਾ, ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਸਿੰਘ ਘਣੀਆ ਮਦਨ ਲਾਲ, ਸੁਰਿੰਦਰ ਸਿੰਘ ਅਤੇ ਹੋਰ ਦੇ ਅਧਿਆਪਕ ਹਾਜ਼ਰ ਸਨ।