ਸਤੀਸ਼ ਕੁਮਾਰ ਫਰੀਦਕੋਟ : ਬੇਅਦਬੀ ਕਾਂਡ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਵੱਲੋਂ ਗਿ੍ਫਤਾਰ ਕੀਤੇ ਗਏ ਛੇ ਡੇਰਾ ਪੇ੍ਮੀਆਂ 'ਚ ਸੁਖਜਿੰਦਰ ਸਿੰਘ ਸੰਨੀ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ, ਪ੍ਰਦੀਪ ਕੁਮਾਰ ਤੇ ਸਕਤੀ ਸਿੰਘ ਦਾ 10 ਜੂਨ ਤਕ ਜੁਡੀਸ਼ੀਅਲ ਰਿਮਾਂਡ ਖਤਮ ਹੋਣ 'ਤੇ ਅੱਜ ਜੇਲ੍ਹ ਵਿਚੋਂ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਏ, ਜਿਨ੍ਹਾਂ ਨੂੰ ਮੁੜ 15 ਜੂਨ ਤਕ ਅਦਾਲਤੀ ਹਿਰਾਸਤ ਵਿੱਚ ਭੇਜਣ ਦਾ ਹੁਕਮ ਸੁਣਾਇਆ ਗਿਆ ਹੈ।

ਦੱਸਣਯੋਗ ਹੈ ਕਿ ਐੱਸਆਈਟੀ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਸੀ ਕਿ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਥਿਤ ਅਪਮਾਨ ਦਾ ਬਦਲਾ ਲੈਣ ਲਈ ਬੇਅਦਬੀ ਕਾਂਡ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਸੰਨੀ ਦੇ ਹੱਥ ਲਿਖਤ ਦੇ ਨਮੂਨੇ ਇਲਾਕਾ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਪ੍ਰਾਪਤ ਕਰਕੇ ਇਤਰਾਜ਼ਯੋਗ ਪੋਸਟਰ ਨਾਲ ਮਿਲਾਏ ਜਿਸ ਦਾ ਵਿਰੋਧ ਕਰਦਿਆਂ ਡੇਰਾ ਪ੍ਰੇਮੀਆਂ ਦੇ ਵਕੀਲ ਵਿਨੋਦ ਕੁਮਾਰ ਮੋਗਾ ਨੇ ਕਿਹਾ ਸੀ ਕਿ ਡੇਰਾ ਪ੍ਰੇਮੀਆਂ ਦੇ ਹੱਥ ਲਿਖਤ ਦੇ ਨਮੂਨੇ ਜੋ ਪਹਿਲਾਂ ਵੀ ਦੋ ਵਾਰ ਲਏ ਗਏ ਸਨ ਅਤੇ ਉਨ੍ਹਾਂ ਦੀ ਰਿਪੋਰਟ ਵੀ ਸਿਟ ਦੇ ਪਾਸ ਹੈ ਉਹ ਅਦਾਲਤ ਵਿੱਚ ਪੇਸ਼ ਕੀਤੀ ਜਾਵੇ।

ਜਾਣਕਾਰੀ ਦੇ ਅਨੁਸਾਰ ਐੱਸਆਈਟੀ ਦੀ ਪੜਤਾਲ ਮੁਤਾਬਕ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਦੀਆਂ ਹਦਾਇਤਾ ਤੋਂ ਬਾਅਦ ਮਹਿੰਦਰ ਪਾਲ ਸਿੱਟੂ ਦੀ ਅਗਵਾਈ ਹੇਠ ਡੇਰਾ ਪ੍ਰੇਮੀਆਂ ਨੇ ਬੇਅਦਬੀ ਕਾਂਡ ਦੀ ਘਟਨਾ ਨੂੰ ਅੰਜਾਮ ਦੇਣ ਦਾ ਕੰਮ ਕੀਤਾ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਨਵਰੀ ਵਿੱਚ ਹਾਈਕੋਰਟ ਨੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐੱਸਆਈਟੀ ਨੂੰ ਭੰਗ ਕਰ ਦਿੱਤਾ ਤਾਂ ਪੰਜਾਬ ਸਰਕਾਰ ਨੇ ਆਈ.ਜੀ. ਐੱਸਪੀਐੱਸ ਪਰਮਾਰ ਨੂੰ ਉਕਤ ਟੀਮ ਦਾ ਮੁਖੀ ਨਿਯੁਕਤ ਕੀਤਾ ਹੈ।

ਆਈ.ਜੀ. ਪਰਮਾਰ ਵੱਲੋਂ ਪੜਤਾਲ ਦੇ ਦੌਰਾਨ ਸੁਖਜਿੰਦਰ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਭੋਲਾ, ਪ੍ਰਦੀਪ ਕੁਮਾਰ, ਬਲਜੀਤ ਸਿੰਘ ਅਤੇ ਸ਼ਕਤੀ ਸਿੰਘ ਨੂੰ 16 ਮਈ ਨੂੰ ਸਰਜੀਕਲ ਸਟਰਾਈਕ ਨਾਂਅ ਦੀ ਇੱਕ ਮੁਹਿਮ ਤਹਿਤ ਗਿ੍ਫਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੜਾਅ ਦਰ ਪੜਾਅ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਉਪਰੰਤ ਅਦਾਲਤ ਵੱਲੋਂ ਜੇਲ੍ਹ ਭੇਜੇ ਡੇਰਾ ਪ੍ਰੇਮੀਆਂ ਦਾ ਅੱਜ ਜੁਡੀਸ਼ੀਅਲ ਰਿਮਾਂਡ ਖਤਮ ਹੋਣ 'ਤੇ ਮੁੜ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਵੀਡੀਓ ਕਾਨਫਰੰਸ ਜ਼ਰੀਏ ਅਦਾਲਤ ਵਿੱਚ ਪੇਸ਼ ਹੋਏ ਡੇਰਾ ਪ੍ਰਰੇਮੀਆਂ ਨੂੰ 15 ਜੂਨ 2021 ਤਕ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।