ਹਰਪ੍ਰੀਤ ਸਿੰਘ ਚਾਨਾ, ਕੋਟਕਪੂਰਾ : ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਸਿਹਤ ਮੰਤਰੀ, ਡਾਇਰੈਕਟਰ ਸਿਹਤ ਵਿਭਾਗ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸਿਵਲ ਸਰਜਨ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਦੀ ਬਲੱਡ ਬੈਂਕ 'ਚ ਹੋ ਰਹੇ ਘਪਲਿਆਂ, ਬੇਨਿਯਮੀਆਂ ਤੇ ਸਮਾਜ ਸੇਵੀ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ ਸਬੰਧੀ ਸ਼ਿਕਾਇਤ ਭੇਜ ਕੇ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਬਲੱਡ ਬੈਂਕ ਦੇ ਬਾਈਕਾਟ ਦੀ ਚਿਤਾਵਨੀ ਦਿੱਤੀ ਹੈ।

ਦੋ ਦਰਜਨ ਤੋਂ ਵੀ ਜ਼ਿਆਦਾ ਦਸਤਖਤਾਂ ਵਾਲੀ ਸ਼ਿਕਾਇਤ 'ਚ ਉਨ੍ਹਾਂ ਕਿਹਾ ਕਿ ਬਲੱਡ ਬੈਂਕ 'ਚ ਤੈਨਾਤ ਕਰਮਚਾਰੀਆਂ ਵੱਲੋਂ ਜਿਥੇ ਸਮਾਜ ਸੇਵਾ ਕਰਦੇ ਕਲੱਬ ਮੈਂਬਰਾਂ ਤੇ ਸਮਾਜ ਸੇਵੀਆਂ ਨੂੰ ਖੱਜਲ-ਖੁਆਰ ਕੀਤਾ ਜਾਂਦਾ ਹੈ, ਉਥੇ ਉਨ੍ਹਾਂ ਵੱਲੋਂ ਦਾਨ ਕੀਤਾ ਗਿਆ ਖੂਨ ਵੀ ਲੋੜਵੰਦ ਮਰੀਜਾਂ ਨੂੰ ਨਹੀਂ ਦਿੱਤਾ ਜਾਂਦਾ। ਉਨ੍ਹਾਂ ਲਿਖਿਆ ਕਿ ਬਲੱਡ ਬੈਂਕ 'ਚ ਇਕੱਤਰ ਹੋਇਆ ਖੂਨ ਜਿਆਦਾਤਰ ਬਿਮਾਰ ਬੱਚਿਆਂ ਜਾਂ ਗਰਭਵਤੀ ਔਰਤਾਂ ਨੂੰ ਚੜ੍ਹਦਾ ਹੈ ਪਰ ਸਿਵਲ ਹਸਪਤਾਲ ਵਿਚ ਸਿਰਫ ਰੈਪਡ ਟੈਸਟ ਪੁਰਾਣੀ ਤਕਨੀਕ ਨਾਲ ਕੀਤਾ ਜਾਂਦਾ ਹੈ।

ਜਦੋਂ ਕਿ ਅਲਾਈਜਾ ਟੈਸਟ ਕਰਨਾ ਬਹੁਤ ਜਰੂਰੀ ਹੈ, ਜਿਸ ਨਾਲ ਏਡਜ਼, ਮਲੇਰੀਆ, ਹੈਪੇਟਾਈਟਸ-ਸੀ, ਹੈਪੇਟਾਈਟਸ-ਵੀ, ਵੀਡੀਆਰਐਲ ਆਦਿ ਦੇ ਵਾਇਰਲ ਦਾ ਪਤਾ ਲੱਗਦਾ ਹੈ। ਕਲੱਬ ਪ੍ਰਧਾਨ ਰਾਜੀਵ ਮਲਿਕ, ਦਿਹਾਤੀ ਇੰਚਾਰਜ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਆਦਿ ਨੇ ਦੋਸ਼ ਲਾਇਆ ਕਿ ਬਲੱਡ ਬੈਂਕ ਵਿਚ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਰਿਫਰੈਸ਼ਮੈਂਟ ਨਹੀਂ ਦਿੱਤੀ ਜਾਂਦੀ, ਸਗੋਂ ਸਰਕਾਰੀ ਖਾਤੇ 'ਚ ਬਿੱਲ ਪਾ ਕੇ ਭਿ੍ਸ਼ਟਾਚਾਰ ਕੀਤਾ ਜਾਂਦਾ ਹੈ।

ਕੀ ਕਹਿੰਦੇ ਨੇ ਐੱਸਐੱਮਓ ਡਾ. ਧੀਰ

ਐੱਸਐੱਮਓ ਡਾ. ਕੁਲਦੀਪ ਧੀਰ ਨੇ ਦੱਸਿਆ ਕਿ ਬਲੱਡ ਬੈਂਕ ਵਿਚ ਤਾਇਨਾਤ ਕਰਮਚਾਰੀਆਂ ਤੇ ਸਮਾਜ ਸੇਵੀਆਂ ਵਿਚਾਲੇ ਚੱਲ ਰਹੇ ਵਿਵਾਦ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।