- ਵੱਡੀ ਗਿਣਤੀ 'ਚ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਤੇ ਆਮ ਲੋਕ ਮਿਊਜ਼ੀਅਮ ਦੇਖਣ ਪਹੁੰਚੇ

- ਅੱਜ ਸ਼ਾਮ ਸਮੇਂ ਹੋਵੇਗਾ ਲਾਈਟ ਐਂਡ ਸਾਊਂਡ ਪ੍ਰਰੋਗਰਾਮ

ਤਰਸੇਮ ਚਾਨਣਾ, ਫਰੀਦਕੋਟ : ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੀਂ ਦਾਣਾ ਮੰਡੀ ਫਰੀਦਕੋਟ ਵਿਖੇ ਲਾਏ ਡਿਜੀਟਲ ਮਿਊਜ਼ੀਅਮ ਨੂੰ ਸੰਗਤਾਂ ਵੱਲੋਂ ਦੂਸਰੇ ਦਿਨ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਅੱਜ ਦੂਜੇ ਦਿਨ ਵੱਡੀ ਗਿਣਤੀ ਵਿੱਚ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਅਤੇ ਹੋਰ ਲੋਕ ਮਿਊਜ਼ੀਅਮ ਦੇਖਣ ਪਹੁੰਚੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫ਼ੇ ਨੂੰ ਅਤਿ ਆਧੁਨਿਕ ਡਿਜ਼ੀਟਲ ਤਕਨੀਕਾਂ ਰਾਹੀਂ ਸਮਿਝਆ। ਅੱਜ ਦੂਜੇ ਦਿਨ ਡਿਜ਼ੀਟਲ ਮਿਊਜ਼ੀਅਮ ਦਾ ਉਦਘਾਟਨ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਗੋੋਇਲ ਅਤੇ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਵੱਲੋਂ ਕੀਤਾ ਗਿਆ ਤੇ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਡਿਜ਼ੀਟਲ ਮਿਊਜ਼ੀਅਮ ਦੇਖਿਆ ਅਤੇ ਪੰਜਾਬ ਸਰਕਾਰ ਦੇ ਇਸ ਨਵੇਕਲੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਨੇ ਦੱਸਿਆ ਕਿ ਡਿਜੀਟਲ ਮਿਊਜ਼ੀਅਮ 25 ਜਨਵਰੀ 2020 ਨੂੰ ਵੀ ਸਵੇਰੇ 7 ਵਜੇ ਤੋਂ ਸ਼ਾਮ 5:00 ਤੱਕ ਖੁੱਲਾ ਰਹੇਗਾ। ਇਸ ਦਾ ਦਾਖ਼ਲਾ ਬਿਲਕੁਲ ਮੁਫ਼ਤ ਹੈ। ਇਸ ਵਿਚ ਮਲਟੀ ਮੀਡੀਆ ਤਕਨੀਕਾਂ ਨਾਲ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਨੂੰ ਰੂਪਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਰੋਗਰਾਮ ਆਮ ਲੋਕਾਂ ਤੇ ਖਾਸਕਰ ਸਾਡੀ ਨਵੀਂ ਪੀੜੀ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ 'ਚ ਇਸ ਮਿਊਜ਼ੀਅਮ ਨੂੰ ਦੇਖਣ ਲਈ ਭਾਰੀ ਉਤਸ਼ਾਹ ਪਾਇਆ ਗਿਆ ਹੈ। ਕੱਲ ਤੋਂ ਲੈ ਕੇ ਅੱਜ ਦੁਪਹਿਰ ਤੱਕ 3500 ਦੇ ਕਰੀਬ ਵਿਦਿਆਰਥੀ ਤੇ ਆਮ ਲੋਕ ਇਸ ਨੂੰ ਦੇਖ ਚੁੱਕੇ ਹਨ, ਇਸ ਸਬੰਧੀ ਉਨ੍ਹਾਂ ਵਿੱਚ ਉਤਸ਼ਾਹ ਹਾਲੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਮਿਊਜ਼ੀਅਮ ਨੂੰ ਦੇਖਣ ਲਈ ਹਰ ਉਮਰ ਵਰਗ ਦੇ ਲੋਕ ਆ ਰਹੇ ਹਨ ਤੇ ਅੌਰਤਾਂ ਵਿੱਚ ਵੀ ਇਸ ਮਿਊਜ਼ੀਅਮ ਨੂੰ ਦੇਖਣ ਲਈ ਭਾਰਤੀ ਉਤਸ਼ਾਹ ਦੇਖਿਆ ਗਿਆ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਸ ਪ੍ਰਰੋਗਰਾਮ ਨੂੰ ਵੱਧ ਤੋਂ ਵੱਧ ਵੇਖਣ ਲਈ ਪੁੱਜਣ ਦਾ ਹਾਰਦਿਕ ਸੱਦਾ ਦਿੱਤਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਤੋਂ ਬਿਨਾਂ ਅੱਜ ਅਤੇ 25 ਜਨਵਰੀ 2020 ਨੂੰ ਦੋਵੇ ਦਿਨ ਸ਼ਾਮ ਨੂੰ 6 ਤੇ 7 ਵਜੇ ਲਾਈਟ ਐਂਡ ਸਾਊਂਡ ਪ੍ਰਰੋਗਰਾਮ ਨਵੀਂ ਦਾਣਾ ਮੰਡੀ ਫਰੀਦਕੋੋਟ ਵਿਖੇ ਹੋਵੇਗਾ। ਇਸ ਵਿਚ ਵੀ ਦਾਖਲਾ ਮੁਫ਼ਤ ਹੈ। ਇਸ ਲਾਈਟ ਐਂਡ ਸਾਊਂਡ ਪ੍ਰਰੋਗਰਾਮ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੇ ਵੱਖ ਵੱਖ ਪ੍ਰਸੰਗਾਂ ਨੂੰ ਅਤਿ ਆਧੁਨਿਕ ਤਕਨੀਕਾਂ ਨਾਲ ਰੂਪਮਾਨ ਕੀਤਾ ਜਾਵੇਗਾ।

24ਐਫਡੀਕੇ112 :-ਡਿਜ਼ੀਟਲ ਮਿਊਜ਼ੀਅਮ ਦਾ ਉਦਘਾਟਨ ਕਰਦੇ ਹੋਏ ਚੇਅਰਮੈਨ ਪਵਨ ਗੋੋਇਲ ਤੇ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ।