ਜਤਿੰਦਰ ਮਿੱਤਲ, ਬਾਜਾਖਾਨਾ : ਨੇੜਲੇ ਪਿੰਡ ਵਾੜਾ ਭਾਈਕਾ ਦੇ ਵਾਸੀ ਤਕਰੀਬਨ ਪਿਛਲੇ 15 ਸਾਲਾਂ ਤੋਂ ਪਿੰਡ ਦੇ ਵਿਕਾਸ ਦੀ ਉਡੀਕ ਵਿੱਚ ਹਨ। ਇਸ ਦੀ ਜਾਣਕਾਰੀ ਦਿੰਦਿਆਂ ਸੂਬੇਦਾਰ ਲਛਮਣ ਸਿੰਘ ਨੇ ਦੱਸਿਆ ਕਿ ਪਿੰਡ ਵਾੜਾ ਭਾਈਕਾ ਦੇ ਲੋਕ ਪਿਛਲੇ 15 ਸਾਲਾਂ ਤੋਂ ਪਿੰਡ ਦੀਆਂ ਗਲੀਆਂ ਨਾਲੀਆਂ ਅਤੇ ਸੜਕਾਂ ਦੇ ਵਿਕਾਸ ਦੀ ਉਡੀਕ ਵਿੱਚ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਹਾਲਤ ਬਹੁਤ ਹੀ ਖਸਤਾ ਹੈ ਅਤੇ ਮੀਂਹ ਦੇ ਦਿਨਾਂ ਵਿੱਚ ਤਾਂ ਹਾਲਤ ਹੋਰ ਵੀ ਤਰਸਯੋਗ ਜਾਂਦੀ ਹੈ ਜਿਸ ਕਾਰਨ ਗਲੀਆਂ ਵਿੱਚੋਂ ਲੰਘਣਾ ਵੀ ਮੁਸ਼ਕਿਲ ਹੋ ਜਾਦਾ ਹੈ। ਇਸ ਮੌਕੇ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੀ ਇੱਕ ਮੇਨ ਗਲੀ ਜੋ ਪਿੰਡ ਦੇ ਗੁਰਦੁਆਰਾ ਸਾਹਿਬ, ਸਾਝੀ ਧਰਮਸਾਲਾ ਅਤੇ ਪਿੰਡ ਦੀਆਂ ਹੋਰ ਗਲੀਆਂ ਨਾਲ ਜੋੜਦੀ ਹੈ ਉਸ ਗਲੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ, ਖਾਸਕਰ ਮੀਂਹ ਦੇ ਦਿਨਾਂ ਵਿੱਚ ਤਾਂ ਸੰਗਤਾਂ ਨੂੰ ਇੱਥੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਪਿੰਡ ਵਾਸੀਆਂ ਨੇ ਸਰਕਾਰਾਂ 'ਤੇ ਦੋਸ਼ ਲਾਉਦਿਆਂ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ 10 ਸਾਲ ਪੰਜਾਬ 'ਚ ਕੀਤੇ ਗਏ ਵਿਕਾਸ ਕਾਰਜਾਂ ਦੇ ਬੜੇ ਨਾਅਰੇ ਲਗਾਏ ਗਏ ਪ੍ਰੰਤੂ ਪਿੰਡ ਵਾੜਾ ਭਾਈਕਾ 'ਤੇ ਕਿਸੇ ਨੇ ਸਵੱਲੀ ਨਜ਼ਰ ਨਹੀ ਮਾਰੀ ਤੇ ਪਤਾ ਨਹੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਿਹੜੇ ਕਾਗਜਾਂ ਵਿੱਚ ਪੰਜਾਬ ਦਾ ਵਿਕਾਸ ਕੀਤਾ ਗਿਆ ਕਿ ਇਸ ਪਿੰਡ ਵਿੱਚ ਵਿਕਾਸ ਨਜਰ ਹੀ ਨਹੀ ਆ ਰਿਹਾ। ਇਸ ਮੌਕੇ ਰਣਜੀਤ ਸਿੰਘ ਪੰਚ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਕੁਮਾਰ ਸੌਰਭ ਰਾਜ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਪਿੰਡ ਦਾ ਦੌਰਾ ਕੀਤਾ ਸੀ ਜਿਸ ਦੌਰੇ ਦੌਰਾਨ ਪਿੰਡ ਵਾਸੀਆਂ ਵੱਲੋਂ ਪਿੰਡ ਦੀਆਂ ਦਰਪੇਸ਼ ਮੁਸਕਿਲਾਂ ਬਾਰੇ ਜਾਣੂ ਕਰਵਾਇਆ ਗਿਆ ਸੀ ਪ੍ਰੰਤੂ ਹਾਲੇ ਤਕ ਕੋਈ ਵੀ ਕਾਰਵਾਈ ਸੁਰੂ ਨਹੀ ਹੋਈ । ਇਸ ਮੌਕੇ ਪਿੰਡ ਵਾਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਮਾਨਯੋਗ ਕੁਮਾਰ ਸੌਰਭ ਰਾਜ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਸਬੰਧਿਤ ਮਹਿਕਮੇਂ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਿੰਡ ਵਾੜਾ ਭਾਈਕਾ ਦੇ ਵਿਕਾਸ ਕਾਰਜ ਵੱਲ ਧਿਆਨ ਦੇਣ ਤਾਂ ਜੋ ਪਿੰਡ ਵਾਸੀਆਂ ਨੂੰ ਮੁਸਕਿਲਾਂ ਦਾ ਸਾਹਮਣਾਂ ਨਾ ਕਰਨਾ ਪਵੇ। ਇਸ ਮੌਕੇ ਸੂਬੇਦਾਰ ਲਛਮਣ ਸਿੰਘ, ਰਣਜੀਤ ਸਿੰਘ ਪੰਚ, ਡਾ: ਸੁਖਪਾਲ ਸਿੰਘ, ਬਲਕਾਰ ਸਿੰਘ, ਮਿੱਠੂ ਸਿੰਘ ਚੱਕੀ ਵਾਲੇ, ਬਲਬੀਰ ਸਿੰਘ, ਸੀਰਾ ਸਿੰਘ, ਬਲਕਰਨ ਸਿੰਘ, ਕੁਲਵੰਤ ਸਿੰਘ ਆਦਿ ਹਾਜਰ ਸਨ।

19ਐਫ਼ਡੀਕੇ119:-ਪਿੰਡ ਵਾੜਾ ਭਾਈਕਾ ਦੀਆਂ ਗਲੀਆਂ, ਨਾਲੀਆਂ ਦਿਖਾਉਂਦੇ ਹੋਏ ਸੂਬੇਦਾਰ ਲਛਮਣ ਸਿੰਘ ਅਤੇ ਰਣਜੀਤ ਸਿੰਘ ਮੈਂਬਰ ਪੰਚਾਇਤ ਅਤੇ ਹੋਰ।