ਚਾਨਾ, ਫਰੀਦਕੋਟ : ਪਾਵਨ ਸਰੂਪ ਚੋਰੀ ਕਰਨ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਜਾਂਚ ਟੀਮਾਂ ਸਰਗਰਮ ਹੋ ਚੁੱਕੀਆਂ ਹਨ। ਬੇਅਦਬੀ ਕਾਂਡ ਦੇ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਕਾਫ਼ੀ ਸਮਾਂ ਪਹਿਲਾਂ ਸਰੂਪ ਚੋਰੀ ਕਰਨ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਦੀ ਸਾਜ਼ਿਸ਼ ਰਚਣ ਵਾਲੇ ਤਿੰਨ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਸੀ। ਇਸ ਵਿਚ ਡੇਰਾ ਸੱਚਾ ਸੌਦਾ ਦੀ ਨੈਸ਼ਨਲ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੇ ਭੂਮਿਕਾ ਨਿਭਾਈ ਸੀ। ਐੱਸਆਈਟੀ ਇਨ੍ਹਾਂ ਦੀ ਗਿ੍ਫ਼ਤਾਰੀ ਲਈ ਪਿਛਲੇ ਦੋ ਸਾਲਾਂ ਤੋਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਵਿਚ ਛਾਪਾਮਾਰੀ ਕਰ ਰਹੀ ਹੈ। ਡੇਰਾ ਕਮੇਟੀ ਦੇ ਇਹ ਕੌਮੀ ਮੈਂਬਰ ਪਹਿਲਾਂ ਹੀ ਦੋ ਮੁਕੱਦਮਿਆਂ ਵਿਚ ਭਗੌੜੇ ਐਲਾਨੇ ਜਾ ਚੁੱਕੇ ਹਨ।

ਐੱਸਆਈਟੀ ਦੇ ਇੰਚਾਰਜ ਆਈਜੀ ਐੱਸਪੀਐੱਸ ਪਰਮਾਰ ਤੇ ਏਆਈਜੀ ਰਜਿੰਦਰ ਸਿੰਘ ਸੋਹਲ ਮੁਤਾਬਕ ਅਦਾਲਤ ਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ ਹੈ ਕਿ ਹਰਸ਼, ਪ੍ਰਦੀਪ ਤੇ ਸੰਦੀਪ ਦੀ ਗਿ੍ਫ਼ਤਾਰੀ ਲਈ ਵਾਰ-ਵਾਰ ਛਾਪੇ ਮਾਰੇ ਹਨ ਪਰ ਤਿੰਨੇਂ ਜਣੇ ਹੱਥ ਨਹੀਂ ਲੱਗੇ ਹਨ। ਇਸ ਲਈ ਐੱਸਆਈਟੀ ਨੇ ਜੁਡੀਸ਼ੀਅਲ ਮੈਜਿਸਟੇ੍ਟ ਮੈਡਮ ਤਰਜਨੀ ਦੀ ਅਦਾਲਤ ਵਿਚ ਜਾਂਚ ਟੀਮ ਨੇ ਤਿੰਨਾਂ ਮੁਲਜ਼ਮਾਂ ਦੇ ਗਿ੍ਫ਼ਤਾਰੀ ਵਰੰਟ ਹਾਸਿਲ ਕਰਨ ਲਈ ਅਰਜ਼ੀ ਦਿੱਤੀ ਸੀ। ਇਸ 'ਤੇ ਜੁਡੀਸ਼ੀਅਲ ਮੈਜਿਸਟੇ੍ਟ ਮੈਡਮ ਤਰਜਨੀ ਦੀ ਅਦਾਲਤ ਨੇ ਅਰਜ਼ੀ ਪ੍ਰਵਾਨ ਕਰਦਿਆਂ ਤਿੰਨਾਂ ਮੁਲਜ਼ਮਾਂ ਸਬੰਧੀ ਗਿ੍ਫ਼ਤਾਰੀ ਵਰੰਟ ਜਾਰੀ ਕਰ ਦਿੱਤੇ ਹਨ ਤੇ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਕੀਤਾ ਹੈ।

ਏਆਈਜੀ ਰਜਿੰਦਰ ਸਿੰਘ ਸੋਹਲ ਮੁਤਾਬਕ ਐੱਸਆਈਟੀ ਉਨ੍ਹਾਂ ਤੋਂ ਪੁੱਛ-ਪੜਤਾਲ ਕਰਨਾ ਚਾਹੁੰਦੀ ਹੈ ਕਿਉਂਕਿ ਇਹ ਤਿੰਨੇਂ ਡੇਰਾ ਕਮੇਟੀ ਮੈਂਬਰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਸੰਪਰਕ ਵਿਚ ਸਨ। ਇਸ ਸਾਜਿਸ਼ 'ਚ ਡੇਰਾ ਮੁਖੀ ਗੁਰਮੀਤ ਸ਼ਾਮਲ ਸੀ ਜਾਂ ਨਹੀਂ।

ਯਾਦ ਰਹੇ, ਚਾਰ ਡੇਰਾ ਪ੍ਰੇਮੀ ਮੁਲਜ਼ਮ ਸੰਨੀ ਕੰਡਾ, ਰਣਜੀਤ ਭੋਲਾ, ਸ਼ਕਤੀ ਸਿੰਘ ਤੇ ਬਲਜੀਤ ਸਿੰਘ ਦੀ ਬੇਅਦਬੀ ਕਾਂਡ ਸਬੰਧੀ ਮੁਕੱਦਮਾ ਨੰਬਰ 128 ਵਿਚ ਜ਼ਮਾਨਤ ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਉਨ੍ਹਾਂ ਭੜਕਾਊ ਪੋਸਟਰਾਂ ਲਾਉਣ ਸਬੰਧੀ ਮੁਕੱਦਮਾ ਨੰਬਰ 117 ਵਿਚ ਜ਼ਮਾਨਤ ਲਈ ਅਦਾਲਤ ਵਿਚ ਦਰਖ਼ਾਸਤ ਦਿੱਤੀ ਹੈ। ਇਸ ਸਬੰਧੀ ਅਦਾਲਤ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਮਾਮਲੇ ਦੀ ਸੁਣਵਾਈ 27 ਜੁਲਾਈ ਨਿਰਧਾਰਤ ਕੀਤੀ ਹੈ। ਮੁਕੱਦਮਾ ਨੰਬਰ 128 ਵਿਚ ਜਿਹੜੇ ਦੋ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਤੇ ਨਿਸ਼ਾਨ ਸਿੰਘ ਦੀ ਜੁਡੀਸ਼ੀਅਲ ਮੈਜਿਸਟੇ੍ਟ ਫਸਟ ਕਲਾਸ ਦੀ ਅਦਾਲਤ ਵਿਚ ਜ਼ਮਾਨਤ ਅਰਜ਼ੀ ਰੱਦ ਹੋ ਗਈ ਸੀ, ਉਨ੍ਹਾਂ ਨੇ ਹੁਣ ਸੈਸ਼ਨ ਕੋਰਟ ਵਿਚ ਅਰਜ਼ੀ ਲਾਈ ਹੈ, ਅਦਾਲਤ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਅਗਲੀ ਸੁਣਵਾਈ 30 ਜੁਲਾਈ ਪਾ ਦਿੱਤੀ ਹੈ।