ਸਤੀਸ਼ ਕੁਮਾਰ, ਫਰੀਦਕੋਟ

ਜ਼ਿਲ੍ਹੇ ਭਰ ਵਿੱਚ ਕਣਕ ਦੀ ਖਰੀਦ ਵਿੱਚ ਕਿਸਾਨਾਂ ਨੂੰ ਦਰਪੇਸ਼ ਦਿੱਕਤਾਂ ਦੇ ਮੁੱਦੇਨਜਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਇੱਥੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਦੋਸ਼ ਲਾਇਆ ਕਿ ਕਣਕ ਲਈ ਬਾਰਦਾਨਾ ਖਰੀਦਣ ਅਤੇ ਬਾਕੀ ਪ੍ਰਬੰਧ ਕਰਨ ਵਿੱਚ ਕਥਿਤ ਤੌਰ 'ਤੇ ਵੱਡਾ ਘਪਲਾ ਹੋਇਆ ਹੈ ਅਤੇ ਇਸ ਮਾਮਲੇ ਦੀ ਤੁਰੰਤ ਨਿਰਪੱਖ ਪੜਤਾਲ ਕੀਤੀ ਜਾਵੇ। ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਵਿੱਚ ਅਕਾਲੀ ਆਗੂ ਸੂਬਾ ਸਿੰਘ ਬਾਦਲ, ਗੁਰਚੇਤ ਸਿੰਘ ਿਢੱਲੋਂ, ਸਤੀਸ਼ ਗਰੋਵਰ, ਵਿਜੇ ਛਾਬੜਾ, ਕੇਵਲ ਸਿੰਘ, ਮੋਹਨ ਸਿੰਘ ਮੱਤਾ ਅਤੇ ਜਸਪਾਲ ਸਿੰਘ ਮੌੜ ਨੇ ਕਿਹਾ ਕਿ ਜਿਲ੍ਹੇ ਦੇ ਕਿਸਾਨ ਦੋ ਹਫ਼ਤਿਆਂ ਤੋਂ ਮੰਡੀਆਂ ਵਿੱਚ ਕਣਕ ਵੇਚਣ ਲਈ ਬੈਠੇ ਹਨ ਪਰ ਸੁਚੱਜੇ ਖਰੀਦ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲ਼ਣਾ ਪੈ ਰਿਹਾ ਹੈ। ਬਾਰਦਾਨੇ ਦਾ ਪ੍ਰਬੰਧ ਕਰਨ ਸਮੇਂ ਬੇਨਿਯਮੀਆਂ ਹੋਈਆਂ ਹਨ, ਜਿਸ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਅਕਾਲੀ ਆਗੂ ਸੁਖਵਿੰਦਰ ਸਿੰਘ, ਅਨੁਪ੍ਰਤਾਪ ਸਿੰਘ, ਮਨਦੀਪ ਸਿੰਘ ਰੂਬੀ, ਗੁਰਪ੍ਰਰੀਤ ਸਿੰਘ, ਹਰਿੰਦਰ ਸਿੰਘ ਕਾਲਾ, ਜਸਕਰਨ ਸਿੰਘ ਹਰਦਿਆਲੇਆਣਾ ਨੇ ਕਿਹਾ ਕਿ ਜੇ ਸਰਕਾਰ ਨੇ ਬਿਨਾਂ ਦੇਰੀ ਖਰੀਦ ਪ੍ਰਬੰਧ ਨਾ ਸੁਧਾਰੇ ਤਾਂ ਅਕਾਲੀ ਦਲ ਪੰਜਾਬ ਸਰਕਾਰ ਖਿਲਾਫ਼ ਸੜਕਾਂ ਤੇ ਉੱਤਰ ਆਵੇਗਾ। ਅਕਾਲੀ ਦਲ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇੱਕ ਮੰਗ ਪੱਤਰ ਵੀ ਸੌਂਪਿਆ ਅਤੇ ਮੰਡੀਆਂ 'ਚ ਹੋ ਰਹੇ ਘਪਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਤਾਂ ਜੋ ਅੌਕੜਾ ਝੱਲ ਰਹੇ ਕਿਸਾਨਾਂ ਨੂੰ ਰਾਹਤ ਮਿਲ ਸਕੇ।