ਪੱਤਰ ਪ੍ਰਰੇਰਕ, ਕੋਟਕਪੂਰਾ : ਕੁਝ ਦਿਨ ਪਹਿਲਾਂ ਕੈਨੇਡਾ ਵਿਖੇ ਭੇਦਭਰੀ ਹਾਲਤ 'ਚ ਮਾਰੇ ਗਏ ਕੋਟਕਪੂਰੇ ਦੇ 24 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਲਾਸ਼ 22 ਅਗਸਤ ਦਿਨ ਵੀਰਵਾਰ ਨੂੰ ਕੋਟਕਪੂਰਾ ਵਿਖੇ ਪੁੱਜਣ ਦੀ ਆਸ ਬੱਝੀ ਹੈ। ਅੱਜ ਰੌਕਸੀ ਦੇ ਮਾਤਾ-ਪਿਤਾ ਕੋਲ ਦੁੱਖ ਸਾਂਝਾ ਕਰਨ ਲਈ ਪੁੱਜੇ ਅਰੋੜਬੰਸ ਸਭਾ ਦੇ ਪ੍ਰਧਾਨ ਜਗਦੀਸ਼ ਸਿੰਘ ਮੱਕੜ ਅਤੇ ਹੋਰਨਾਂ ਨੂੰ ਜਾਣਕਾਰੀ ਦਿੰਦਿਆਂ ਮਿ੍ਤਕ ਨੌਜਵਾਨ ਦੇ ਪਿਤਾ ਭਗਵਾਨ ਦਾਸ, ਮਾਤਾ ਕਿ੍ਸ਼ਨਾ ਰਾਣੀ ਅਤੇ ਵੱਡੇ ਭਰਾ ਅੰਮਿਤ ਚਾਵਲਾ ਨੇ ਦੱਸਿਆ ਕਿ ਰੌਕਸੀ ਦੀ ਮਿ੍ਤਕ ਦੇਹ ਇੱਥੇ ਲਿਆਉਣ ਲਈ ਸਾਨੂੰ ਰਾਜਨੀਤਕ ਅਤੇ ਗੈਰ ਸਿਆਸੀ ਸੰਸਥਾਵਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੌਕਸੀ ਦੇ ਸਰੀ (ਕੈਨੇਡਾ) ਵਿਖੇ ਰਹਿੰਦੇ ਰਿਸ਼ਤੇਦਾਰਾਂ ਅਤੇ ਹੋਰ ਜਾਣਕਾਰਾਂ ਦੇ ਸਹਿਯੋਗ ਨਾਲ ਦਸਤਾਵੇਜੀ ਸਾਰੀ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਹੈ। ਦੁਖੀ ਪਰਿਵਾਰ ਕੋਲ ਘਰ ਬੈਠੇ ਜਗਦੀਸ਼ ਸਿੰਘ ਮੱਕੜ, ਮਾ. ਹਰਨਾਮ ਸਿੰਘ, ਕਿਸ਼ਨ ਬਿੱਲਾ, ਗੁਰਿੰਦਰ ਸਿੰਘ, ਜਗਦੀਸ਼ ਛਾਬੜਾ, ਸੁਭਾਸ਼ ਜਰਮਨੀ, ਜੈਕਿਸ਼ਨ ਜੁਨੇਜਾ ਆਦਿ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਨੂੰ ਚਿੱਤ-ਚੇਤਾ ਵੀ ਨਹੀਂ ਸੀ, ਜਦੋਂ ਅਚਾਨਕ ਸਰੀ (ਕੈਨੇਡਾ) ਪੁਲਿਸ ਦਾ ਫੋਨ ਆਇਆ ਕਿ ਤੁਹਾਡੇ ਨੌਜਵਾਨ ਪੁੱਤਰ ਦੀ ਲਾਸ਼ ਮਿਲੀ ਹੈ। ਘਰ 'ਚ ਸੱਥਰ ਵਿਛ ਗਿਆ ਤੇ ਅਣਕਿਆਸੀ, ਅਣਹੋਣੀ ਘਟਨਾ ਦੀ ਖਬਰ ਮਿਲਦਿਆਂ ਹੀ ਘਰ 'ਚ ਕੀਰਨੇ ਪੈਣ ਲੱਗੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਰੀ (ਕੈਨੇਡਾ) ਵਿਖੇ ਗਏ 24 ਸਾਲਾ ਨੌਜਵਾਨ ਰੌਕਸੀ ਚਾਵਲਾ ਪੁੱਤਰ ਭਗਵਾਨ ਦਾਸ ਕਾਲਾ ਵਾਸੀ ਕੋਟਕਪੂਰਾ ਦਾ ਪਿਛਲੇ ਕਰੀਬ 20 ਦਿਨਾ ਤੋਂ ਪਰਿਵਾਰ ਨਾਲ ਸੰਪਰਕ ਟੁੱਟਿਆ ਹੋਇਆ ਸੀ, ਪਰਿਵਾਰ ਇਸ ਗੱਲੋਂ ਚਿੰਤਤ ਸੀ ਕਿ ਰੋਜਾਨਾ ਫੋਨ ਕਰਨ ਵਾਲੇ ਰੌਕਸੀ ਦਾ ਬੀਤੀ 26 ਜੁਲਾਈ ਤੋਂ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ਪੁਲਿਸ ਨੇ ਐਨਾ ਕੁ ਹੀ ਖੁਲਾਸਾ ਕੀਤਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਮੁਤਾਬਿਕ ਰੌਕਸੀ ਚਾਵਲਾ ਦੇ ਸਰੀਰ 'ਚ ਜ਼ਹਿਰ ਚਲੇ ਜਾਣ ਕਾਰਨ ਹੀ ਉਸਦੀ ਮੌਤ ਹੋਈ। ਪੁਲਿਸ ਇਸ ਤੋਂ ਜ਼ਿਆਦਾ ਹੋਰ ਕੋਈ ਵੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਕਿਉਂਕਿ ਕੈਨੇਡਾ ਪੁਲਿਸ ਨੇ ਕੁਝ ਕੁ ਲੜਕਿਆਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੋਇਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਰੌਕਸੀ ਦਾ ਮੋਬਾਇਲ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਸਮੇਤ ਹੋਰ ਸਮਾਨ ਦਾ ਅਚਾਨਕ ਗਾਇਬ ਹੋ ਜਾਣਾ, ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ।

18ਐਫ਼ਡੀਕੇ110:-ਮਿ੍ਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਵੱਖ-ਵੱਖ ਆਗੂ ਤੇ ਨਾਲ ਮਿ੍ਤਕ ਰੌਕਸੀ ਚਾਵਲਾ ਦੀ ਤਸਵੀਰ।