ਜੇਐੱਨਐੱਨ, ਫਰੀਦਕੋਟ : ਲਗਪਗ 25 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦੇ ਮਾਮਲੇ ਸਬੰਧੀ ਦਰਜ ਇਕ ਕੇਸ ਵਿਚ ਫਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਧੀ 87 ਸਾਲਾ ਅੰਮ੍ਰਿਤ ਕੌਰ ਨੇ ਵੀਰਵਾਰ ਨੂੰ ਇਥੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ (ਸੀਜੇਐੱਮ) ਦੀ ਅਦਾਲਤ ਦਾ ਦਰਵਾਜ਼ਾ ਖੜਕਾਇਆ। ਇਸ ਵਿਚ ਉਨ੍ਹਾਂ ਨੇ ਸਾਰੇ ਦਸਤਾਵੇਜ਼ਾਂ ਦੀ ਮੰਗ ਕੀਤੀ ਹੈ ਜਿਨ੍ਹਾਂ ਨੂੰ ਫਰੀਦਕੋਟ ਪੁਲਿਸ ਨੇ ਉਕਤ ਕੇਸ ਨੂੰ ਰੱਦ ਕਰਨ ਲਈ ਪੇਸ਼ ਕੀਤਾ ਹੈ। ਧੋਖਾਧੜੀ ਤੇ ਜਾਲਸਾਜ਼ੀ ਦੇ ਮਾਮਲੇ ਵਿਚ ਦਰਜ ਉਕਤ ਕੇਸ ਵਿਚ ਇਕ ਸਾਬਕਾ ਨਿਆਂਇਕ ਅਧਿਕਾਰੀ ਸਮੇਤ 23 ਪ੍ਰਭਾਵਸ਼ਾਲੀ ਵਿਅਕਤੀ ਮੁਲਜ਼ਮ ਹਨ। ਇਹ ਕੇਸ ਪਿਛਲੇ ਸਾਲ ਜੁਲਾਈ ਵਿਚ ਅੰਮ੍ਰਿਤ ਕੌਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਉਨ੍ਹਾਂ ਸ਼ਿਕਾਇਤ ਕੀਤੀ ਸੀ ਕਿ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਚੱਲ ਤੇ ਅਚੱਲ ਜਾਇਦਾਦ ਨੂੰ ਹਥਿਆਉਣ ਤੇ ਹੇਰਾਫੇਰੀ ਕਰਨ ਦੇ ਮਕਸਦ ਨਾਲ ਉਨ੍ਹਾਂ ਦੇ ਪਿਤਾ ਦੀ ਵਸੀਅਤ ਵਿਚ ਜਾਲਸਾਜ਼ੀ ਕੀਤੀ ਗਈ ਸੀ। ਅੰਮ੍ਰਿਤ ਕੌਰ ਚੰਡੀਗੜ੍ਹ ਵਿਚ ਰਹਿੰਦੇ ਹਨ।

ਪੁਲਿਸ ਨੇ ਇਸ ਸਾਲ ਦੋ ਜੂਨ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ ਐੱਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਅਦਾਲਤ ਨੇ ਮਾਮਲੇ ਦੀ ਸੁਣਵਾਈ 11 ਨਵੰਬਰ ਤਕ ਲਈ ਟਾਲ਼ ਦਿੱਤੀ ਹੈ। ਨਾਲ ਹੀ ਅਦਾਲਤ ਦੀ ਕਾਪੀ ਬਰਾਂਚ ਨੂੰ ਸਾਰੇ ਦਸਤਾਵੇਜ਼ ਅੰਮ੍ਰਿਤ ਕੌਰ ਨੂੰ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

Posted By: Jagjit Singh