ਐੱਨਐੱਸ. ਲਾਲੀ, ਕੋਟ ਈਸੇ ਖਾਂ : ਬਾਹਰੀ ਸੂਬਿਆਂ ਤੋਂ ਆਏ ਸ਼ਰਧਾਲੂਆਂ ਅਤੇ ਹਾੜ੍ਹੀ ਦੀ ਫਸਲ ਦੀ ਕਟਾਈ ਲਈ ਗਏ ਕੰਬਾਈਨ ਚਾਲਕਾਂ ਤੇ ਹੈਲਪਰਾਂ ਦੇ ਸਿਰ 'ਤੇ ਕੋਰੋਨਾ ਵਾਇਰਸ ਦਾ ਕਾਲਾ ਸਾਇਆ ਮੰਡਰਾ ਰਿਹਾ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਅਤੇ ਖ਼ਾਸ ਕਰ ਕੇ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਤੋਂ ਆਏ ਕਿਰਤੀਆਂ ਨੂੰ ਲੈ ਕੇ ਸਿਹਤ ਵਿਭਾਗ ਦੇ ਹੱਥ ਪੈਰ ਫੁੱਲੇ ਹੋਏ ਹਨ। ਸਿਹਤ ਵਿਭਾਗ ਇਨ੍ਹਾਂ ਬਾਹਰੀ ਰਾਜਾਂ ਤੋਂ ਆਉਣ ਵਾਲਿਆਂ ਦੇ ਵੇਰਵੇ ਇਕੱਠੇ ਕਰਨ ਵਿਚ ਜੁਟਿਆ ਹੈ ਤਾਂ ਜੋ ਇਨ੍ਹਾਂ ਦੀ ਸਿਹਤ ਦੀ ਮੁੱਢਲੀ ਜਾਂਚ ਅਤੇ ਸੈਂਪਲ ਲੈ ਕੇ ਇਕਾਂਤਵਾਸ ਕੀਤਾ ਜਾ ਸਕੇ। ਜੇਕਰ ਫਾਈਨਲ ਰਿਪੋਰਟ 'ਚ ਕੋਈ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਸੂਰਤ 'ਚ ਵਾਇਰਸ ਨੂੰ ਅੱਗੇ ਫੈਲਣ ਤੋਂ ਬਚਾਅ ਹੋ ਸਕੇ। ਲਾਕ ਡਾਊਨ/ਕਰਫਿਊ ਕਾਰਨ ਦੇਰ ਬਾਅਦ ਆਪਣਿਆਂ ਦੇ ਘਰ ਪਰਤਣ 'ਤੇ ਜਿੱਥੇ ਪਰਿਵਾਰਕ ਮੈਂਬਰ ਖੁਸ਼ ਹਨ, ਉੱਥੇ ਹੀ ਇਨ੍ਹਾਂ ਦੀ ਸਿਹਤ ਅਤੇ ਦੂਜੇ ਪਰਿਵਾਰਕ ਮੈਂਬਰਾਂ ਦੀ ਹਿਫਾਜ਼ਤ ਨੂੰ ਲੈ ਕੇ ਵੀ ਡਾਢੇ ਪਰੇਸ਼ਾਨ ਵੀ ਹਨ। ਸਥਾਨਕ ਇਲਾਕੇ ਨਾਲ ਸਬੰਧਤ ਪਿੰਡ ਦਾਤੇਵਾਲਾ, ਮਨਾਵਾਂ, ਦੌਲੇਵਾਲਾ ਮਾਇਰ ਤੇ ਹੋਰਨਾਂ ਪਿੰਡਾਂ 'ਚ ਵੀ ਦੂਜੇ ਸੂਬਿਆਂ ਤੋਂ ਸ਼ਰਧਾਲੂ ਤੇ ਕਾਮੇ ਪੁੱਜੇ ਹਨ।

ਸੀਐੱਚਸੀ ਕੋਟ ਈਸੇ ਖਾਂ ਦੇ ਡਾਕਟਰੀ ਅਮਲੇ ਵੱਲੋਂ ਅਜਿਹੇ ਲੋਕਾਂ ਦੇ ਵੇਰਵੇ ਇਕੱਠੇ ਕਰ ਕੇ ਉਨ੍ਹਾਂ ਦੀ ਸਿਹਤ ਦੀ ਮੁੱਢਲੀ ਜਾਂਚ ਦੇ ਸੈਂਪਲ ਲਏ ਜਾ ਰਹੇ ਹਨ। ਫਾਰਮੇਸੀ ਅਫਸਰ ਗੁਰਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ 24 ਤਾਰੀਖ ਤੋਂ ਰੋਜ਼ਾਨਾ 15 ਲੋਕਾਂ ਦੇ ਸੈਂਂਪਲ ਲੈ ਕੇ ਜਾਂਚ ਲਈ ਭੇਜ ਜਾ ਰਹੇ ਹਨ। ਲੰਘੇ ਐਤਵਾਰ ਨੂੰ ਦੌਲੇਵਾਲਾ ਮਾਇਰ 'ਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪੁੱਜੇ 29 ਸ਼ਰਧਾਲੂਆਂ ਦੀ ਸਿਹਤ ਸਬੰਧੀ ਮੁੱਢਲੀ ਜਾਂਚ ਕਰਕੇ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਵਿਭਾਗ ਨੂੰ ਰਿਪੋਰਟ ਭੇਜੀ ਗਈ ਹੈ ਅਤੇ ਉੱਚ ਅਧਿਕਾਰੀਆਂ ਤੋਂ ਮਿਲਣ ਵਾਲੀਆਂ ਹਦਾਇਤਾਂ ਅਨੁਸਾਰ ਅੱਗੇ ਹੋਰ ਲੋੜੀਂਦੇ ਕਦਮ ਚੁੱਕੇ ਜਾਣਗੇ।