v> ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ) : ਕੋਰੋਨਾ ਪਾਜ਼ੇਟਿਵ ਪਾਇਆ ਗਿਆ 19 ਸਾਲਾ ਮੁਕਤਸਰ ਨਿਵਾਸੀ ਨੌਜਵਾਨ ਆਪਣੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਘਰੋਂ ਭੱਜ ਗਿਆ ਜਿਸਦੇ ਪਿੰਡ ਖੋਖਰ ਵਿਖੇ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਅਜਿਹੇ 'ਚ ਪੁਲਿਸ ਨੇ ਪਿੰਡ ਨੂੰ ਸੀਲ ਕਰ ਕਰਕੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਪਿੰਡ ਦੇ ਲੋਕਾਂ ਨੂੰ ਵੀ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਗਈ ਹੈ। ਦੱਸਣਯੋਗ ਹੈ ਕਿ ਬਠਿੰਡਾ ਰੋਡ 'ਤੇ ਰਹਿਣ ਵਾਲਾ ਇਹ ਨੌਜਵਾਨ ਬੀਤੀ 30 ਅਪ੍ਰੈਲ ਨੂੰ ਸੈਂਪਲ ਦੇਣ ਲਈ ਗਿਆ ਸੀ ਤੇ ਉਸਨੂੰ ਜਿਵੇਂ ਹੀ ਰਿਪੋਰਟ ਆਉਣ ਦਾ ਪਤਾ ਚੱਲਿਆ ਤਾਂ ਉਹ ਘਰੋਂ ਭੱਜ ਗਿਆ। ਇਹ ਨੌਜਵਾਨ ਅਮ੍ਰਿੰਤਸਰ 'ਚ ਪੜ੍ਹਦਾ ਸੀ ਅਤੇ ਬੀਤੇ ਸਮੇਂ ਤੋਂ ਆਪਣੇ ਘਰ 'ਚ ਹੀ ਰਹਿ ਰਿਹਾ ਹੈ। ਪੁਲਿਸ ਅਤੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦਾ ਦਾਦਾ ਇਸੇ ਪਿੰਡ 'ਚ ਰਹਿੰਦਾ ਸੀ ਬਾਅਦ 'ਚ ਇਹ ਲੋਕ ਮੁਕਤਸਰ 'ਚ ਰਹਿਣ ਲੱਗ ਪਏ ਹਨ। ਇਨ੍ਹਾਂ ਦੇ ਪੁਰਾਣੇ ਘਰ ਦੇ ਬਾਹਰ ਇਕ ਮੋਟਰਸਾਇਕਲ ਵੀ ਖੜ੍ਹਾ ਮਿਲਿਆ ਹੈ ਪਰ ਇਹ ਨੌਜਵਾਨ ਅਜੇ ਤੱਕ ਨਹੀਂ ਮਿਲਿਆ ਤੇ ਉਹ ਇਸ ਦੀ ਭਾਲ ਕਰ ਰਹੇ ਹਨ। ਓਧਰ ਸਿਹਤ ਵਿਭਾਗ ਦੀ ਟੀਮ ਵੀ ਪਿੰਡ ਪਹੁੰਚ ਗਈ ਹੈ ਜੋ ਕਿ ਨੌਜਵਾਨ ਦੀ ਭਾਲ 'ਚ ਜੁੱਟ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਗੇਟ ਨੂੰ ਬਾਹਰ ਤੋਂ ਤਾਲਾ ਲਗਾਇਆ ਗਿਆ ਹੈ ਅਤੇ ਅੰਦਰ ਮੋਟਰਸਾਇਕਲ ਖੜ੍ਹਾ ਹੈ ਜੋ ਕਿ ਅੱਜ ਹੀ ਲਗਾਇਆ ਗਿਆ ਹੈ। ਬਾਕੀ ਉਨ੍ਹਾਂ ਨੇ ਕਮਰੇ ਅਤੇ ਹੋਰ ਖਾਲੀ ਪਈਆਂ ਇਮਾਰਤਾਂ 'ਚ ਭਾਲ ਕਰ ਲਈ ਹੈ ਪਰ ਹੁਣ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਜਦਕਿ ਥਾਣਾ ਬਰੀਵਾਲਾ ਦੇ ਇੰਚਾਰਜ ਪ੍ਰੇਮ ਨਾਥ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪਿੰਡ 'ਚ ਹੀ ਹੈ ਤੇ ਉਹ ਭਾਲ ਕਰ ਰਹੇ ਹਨ।

Posted By: Susheel Khanna